ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਮੁੱਖ ਅੰਸ਼
- ਵਿਰੋਧੀ ਧਿਰਾਂ ਨੇ ਕਾਂਗਰਸ ’ਤੇ ਹੱਲਾ ਬੋਲਿਆ
- ਜਾਖੜ ਤੇ ਸੁਰਜੇਵਾਲਾ ਨੇ ਮੌਕਾ ਸੰਭਾਲਿਆ
ਕਾਂਗਰਸ ਵੱਲੋਂ ਪੰਜਾਬ ਅਸੈਂਬਲੀ ਦੀਆਂ ਅਗਾਮੀ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਲੜਨ ਦੇ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਨੇ ਕਾਂਗਰਸੀ ਵਿਹੜੇ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ, ਜਿਸ ਨਾਲ ਕੌਮੀ ਪੱਧਰ ’ਤੇ ਵੀ ਸਿਆਸੀ ਹਲਚਲ ਤੇਜ਼ ਹੋ ਗਈ ਹੈ| ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਦਲਿਤ ਤੇ ਸਿੱਖ ਚਿਹਰੇ ਨੂੰ ਸੌਂਪ ਕੇ ਜੋ ਵੱਡਾ ਸਿਆਸੀ ਪੈਂਤੜਾ ਖੇਡਿਆ ਸੀ, ਉਸ ’ਤੇ ਹਰੀਸ਼ ਰਾਵਤ ਦੇ ਉਪਰੋਕਤ ਬਿਆਨ ਨੇ ਪਾਣੀ ਫੇਰ ਦਿੱਤਾ ਹੈ| ਹਰੀਸ਼ ਰਾਵਤ ਵੱਲੋਂ ਬੇਮੌਕਾ ਦਾਗੇ ਇਸ ਬਿਆਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅੱਜ ਪਹਿਲੇ ਦਿਨ ਹੀ ਸਿਆਸੀ ਕਿਰਕਿਰੀ ਕਰਾ ਦਿੱਤੀ| ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਬਿਆਨ ਨੂੰ ਲੈ ਕੇ ਫ਼ੌਰੀ ਕਾਂਗਰਸ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ| ਸਾਰੇ ਵਿਰੋਧੀ ਆਗੂ ਇਕਸੁਰ ਰਹੇ ਕਿ ਜੇਕਰ ਅਗਾਮੀ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ ਵਿਚ ਲੜੀਆਂ ਜਾਣੀਆਂ ਹਨ ਤਾਂ ਫਿਰ ਕਾਂਗਰਸ ਵੱਲੋਂ ਦਲਿਤ ਮੁੱਖ ਮੰਤਰੀ ਸਿਰਫ ਦਲਿਤ ਵੋਟਾਂ ਲੈਣ ਲਈ ਹੀ ਬਣਾਇਆ ਗਿਆ ਹੈ|
ਵਿਰੋਧੀਆਂ ਨੇ ਨਿਸ਼ਾਨਾ ਸਾਧਿਆ ਕਿ ਕਾਂਗਰਸ ਚਰਨਜੀਤ ਚੰਨੀ ਨੂੰ ਕੇਵਲ ਪੰਜ ਮਹੀਨੇ ਲਈ ਮੁੱਖ ਮੰਤਰੀ ਬਣਾ ਕੇ ਦਲਿਤ ਵਰਗ ਨਾਲ ਧੋਖਾ ਕਰ ਰਹੀ ਹੈ| ਹਾਈਕਮਾਨ ਵੱਲੋਂ ਦਲਿਤ ਮੁੱਖ ਮੰਤਰੀ ਐਲਾਨ ਕੇ ਜੋ ਵਿਰੋਧੀ ਖੇਮੇ ਵਿਚ ਸੁੰਨ ਵਰਤਾਈ ਗਈ ਸੀ, ਉਸ ਦੀ ਅੱਜ ਹਰੀਸ਼ ਰਾਵਤ ਦੀ ਬੇਲੋੜੀ ਸਿਆਸੀ ਤਾਲ ਨੇ ਫੂਕ ਕੱਢ ਦਿੱਤੀ| ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੌਕਾ ਸੰਭਾਲਿਆ ਅਤੇ ਕਿਹਾ ਕਿ ਹਰੀਸ਼ ਰਾਵਤ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਹੈ| ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਦਾ ਇਹ ਬਿਆਨ ਠੀਕ ਨਹੀਂ ਹੈ| ਇਸ ਨਾਲ ਨਾ ਕੇਵਲ ਮੁੱਖ ਮੰਤਰੀ ਦੀ ਅਥਾਰਿਟੀ ਨੂੰ ਘਟਾ ਕੇ ਦਰਸਾਉਣ ਵਾਲੀ ਗੱਲ ਜਾਪੇਗੀ ਬਲਕਿ ਉਨ੍ਹਾਂ ਮਨੋਰਥਾਂ ’ਤੇ ਵੀ ਇਹ ਬਿਆਨਬਾਜ਼ੀ ਸਵਾਲੀਆ ਨਿਸ਼ਾਨ ਲਾ ਰਹੀ ਹੈ, ਜਿਨ੍ਹਾਂ ਮਕਸਦਾਂ ਲਈ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ| ਵੇਰਵਿਆਂ ਅਨੁਸਾਰ ਜਦੋਂ ਹਰੀਸ਼ ਰਾਵਤ ਦੇ ਇਸ ਬਿਆਨ ਦਾ ਅਸਰ ਕੌਮੀ ਸਿਆਸਤ ਤੱਕ ਜਾ ਪੁੱਜਿਆ ਅਤੇ ਵਿਰੋਧੀਆਂ ਨੂੰ ਕਾਂਗਰਸ ਦੀ ਜ਼ੁਬਾਨਬੰਦੀ ਕਰਨ ਦਾ ਮੌਕਾ ਮਿਲ ਗਿਆ ਤਾਂ ਫੌਰੀ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸਥਿਤੀ ਨੂੰ ਸੰਭਾਲਿਆ| ਸੁਰਜੇਵਾਲਾ ਨੇ ਸਪੱਸ਼ਟ ਕੀਤਾ ਕਿ ਅਗਾਮੀ ਪੰਜਾਬ ਚੋਣਾਂ ਵਿਚ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੋਵੇਂ ਹੀ ਕਾਂਗਰਸ ਦਾ ਚਿਹਰਾ ਹੋਣਗੇ| ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਬਤੌਰ ਮੁੱਖ ਮੰਤਰੀ ਕਾਂਗਰਸ ਦਾ ਚਿਹਰਾ ਹੋਣਗੇ ਜਦੋਂ ਕਿ ਨਵਜੋਤ ਸਿੰਘ ਸਿੱਧੂ ਬਤੌਰ ਪ੍ਰਧਾਨ ਉਨ੍ਹਾਂ ਨਾਲ ਕਾਂਗਰਸ ਦਾ ਚਿਹਰਾ ਹੋਣਗੇ|
ਜਥੇਦਾਰ ਦੇ ਸ਼ਬਦ ਠੀਕ ਸਮੇਂ ’ਤੇ ਨਹੀਂ ਆਏ: ਜਾਖੜ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਟਵੀਟ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲੰਘੇ ਕੱਲ੍ਹ ਮੁੱਖ ਮੰਤਰੀ ਪੰਜਾਬ ਦੇ ਹਿੰਦੂ-ਸਿੱਖ ਹੋੋਣ ਦੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ| ਸੁਨੀਲ ਜਾਖੜ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਹ ਸ਼ਬਦ ਕੋਈ ਠੀਕ ਸਮੇਂ ’ਤੇ ਨਹੀਂ ਆਏ ਹਨ ਬਲਕਿ ਉਸ ਵਕਤ ਆਏ ਹਨ ਜਦੋਂ ਵੱਡੇ ਅਹੁਦਿਆਂ ’ਤੇ ਬੈਠੇ ਛੋਟੀ ਸੋਚ ਰੱਖਣ ਵਾਲੇ ਲੋਕ ਪੰਜਾਬ ਨੂੰ ਨਸਲ, ਜਾਤ, ਪਛਾਣ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ| ਜਾਖੜ ਨੇ ਕਿਹਾ ਕਿ ਅਜਿਹੇ ਲੋਕ ਗੁਰੂ ਸਾਹਿਬ ਦੇ ਸੁਨੇਹੇ, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਵੀ ਭੁੱਲ ਗਏ ਹਨ|