ਚਰਨਜੀਤ ਭੁੱਲਰ
ਚੰਡੀਗੜ੍ਹ, 8 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ’ਚ ਨਿੱਤਰੀਆਂ ਸਿਆਸੀ ਧਿਰਾਂ ਦਾ ਮੁੱਖ ਧਿਆਨ ਐਤਕੀਂ ਦਲਿਤ ਭਾਈਚਾਰੇ ਦੇ ਵੋਟ ਬੈਂਕ ’ਤੇ ਹੈ। ਕਾਂਗਰਸ ਪਾਰਟੀ ਵੱਲੋਂ ਦਲਿਤ ਵਰਗ ਦੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਮਗਰੋਂ ਚਹੁੰ ਪਾਸਿਆਂ ਤੋਂ ਸਭ ਸਿਆਸੀ ਧਿਰਾਂ ਦਾ ਜ਼ੋਰ ਦਲਿਤ ਵਰਗ ਨੂੰ ਖਿੱਚਣ ’ਤੇ ਲੱਗਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਚੋਣ ਪ੍ਰਚਾਰ ’ਚ ਆਪਣੇ ਦਲਿਤ ਸਿੱਖ ਚਿਹਰੇ ਨੂੰ ਉਭਾਰ ਰਹੇ ਹਨ ਜਦਕਿ ਵਿਰੋਧੀ ਧਿਰਾਂ ਵੱਲੋਂ ਚੰਨੀ ਦੀ ਮਜ਼ਬੂਤ ਆਰਥਿਕ ਸਥਿਤੀ ਨੂੰ ਲੋਕਾਂ ਅੱਗੇ ਰੱਖਿਆ ਜਾ ਰਿਹਾ ਹੈ।
ਪੰਜਾਬ ’ਚ ਇਸ ਵੇਲੇ 34 ਵਿਧਾਨ ਸਭਾ ਹਲਕੇ ਰਾਖਵੇਂ ਹਨ ਤੇ ਕਰੀਬ 32 ਫ਼ੀਸਦ ਵੋਟ ਬੈਂਕ ਦਲਿਤ ਭਾਈਚਾਰੇ ਦਾ ਹੈ। ਕਾਂਗਰਸ ਨੇ ਇਹ ਮੁਹਿੰਮ ਵਿੱਢੀ ਹੈ ਕਿ ਪਾਰਟੀ ਨੇ ਗ਼ਰੀਬ ਪਰਿਵਾਰ ਨੂੰ ਅੱਗੇ ਲਾਇਆ ਹੈ ਜਦਕਿ ਵਿਰੋਧੀ ਪਾਰਟੀਆਂ ਚੰਨੀ ਦੀ ਗ਼ਰੀਬੀ ’ਤੇ ਤਨਜ਼ ਕਸ ਰਹੀਆਂ ਹਨ। ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਅੱਜ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦਲਿਤ ਵੋਟ ਬੈਂਕ ਨੂੰ ਵਰਤਣ ਲਈ ਕਾਂਗਰਸ ਨੇ ਇਹ ਦਿਖਾਵਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਘਰੋਂ ਈਡੀ ਦੀ ਛਾਪਿਆਂ ਦੌਰਾਨ ਮਿਲੇ 10 ਕਰੋੜ ਦੀ ਗੱਲ ਕੀਤੀ ਜਾ ਰਹੀ ਹੈ।
ਪੰਜਾਬ ਦੇ ਦਿਹਾਤੀ ਖ਼ਿੱਤੇ ਵਿੱਚ 73.33 ਫ਼ੀਸਦ ਤੇ ਸ਼ਹਿਰੀ ਖੇਤਰ ’ਚ 26.67 ਫ਼ੀਸਦ ਦਲਿਤ ਆਬਾਦੀ ਹੈ। ਸਮੁੱਚੇ ਦੇਸ਼ ’ਚੋਂ ਨਵਾਂ ਸ਼ਹਿਰ ਜ਼ਿਲ੍ਹਾ ਤੀਜੇ ਨੰਬਰ ’ਤੇ ਹੈ, ਜਿੱਥੇ ਦਲਿਤ ਆਬਾਦੀ 42.51 ਫ਼ੀਸਦ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਦਾ ਚੋਣ ਪ੍ਰਚਾਰ ਜ਼ਿਆਦਾ ਉਨ੍ਹਾਂ ਹਲਕਿਆਂ ਵਿੱਚ ਰਹੇਗਾ, ਜਿੱਥੇ ਦਲਿਤ ਆਬਾਦੀ ਦਾ ਜ਼ਿਆਦਾ ਪ੍ਰਭਾਵ ਹੈ। ਵੇਰਵਿਆਂ ਅਨੁਸਾਰ ਪੰਜਾਬ ’ਚੋਂ ਜ਼ਿਲ੍ਹਾ ਮੁਕਤਸਰ ’ਚ ਦਲਿਤ ਆਬਾਦੀ 42.31 ਫ਼ੀਸਦ ਤੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ 42.17 ਫ਼ੀਸਦ ਹੈ। ਪੰਜਾਬ ’ਚ ਘੱਟ ਦਲਿਤ ਆਬਾਦੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ’ਚ 32.07 ਫ਼ੀਸਦ ਹੈ। ਇਸ ਵੇਲੇ ਪੰਜਾਬ ਦੇ 28 ਬਲਾਕ ਹਨ, ਜਿਨ੍ਹਾਂ ਵਿੱਚ ਦਲਿਤ ਵਸੋਂ 40 ਤੋਂ 50 ਫ਼ੀਸਦ ਹੈ।
ਜਲੰਧਰ ਪੂਰਬੀ ਬਲਾਕ ’ਚ 54.71, ਅਮਲੋਹ ਬਲਾਕ ’ਚ 51.30, ਬੰਗਾ ਬਲਾਕ ’ਚ 50.72 ਤੇ ਫਿਲੌਰ ਬਲਾਕ ’ਚ 50.02 ਫ਼ੀਸਦ ਦਲਿਤ ਆਬਾਦੀ ਹੈ। ਇਸੇ ਤਰ੍ਹਾਂ ਪੰਜਾਬ ਦੇ 175 ਕਸਬਿਆਂ ਵਿਚ 20 ਫ਼ੀਸਦੀ ਤੋਂ ਜ਼ਿਆਦਾ ਦਲਿਤ ਆਬਾਦੀ ਹੈ। ਪਿੰਡਾਂ ਦੀ ਗੱਲ ਕਰੀਏ ਤਾਂ ਪੰਜਾਬ ’ਚ 57 ਪਿੰਡ ਅਜਿਹੇ ਹਨ, ਜਿੱਥੇ ਸੌ ਫ਼ੀਸਦ ਦਲਿਤ ਆਬਾਦੀ ਹੈ, ਜਿਸ ਵਿੱਚ ਬਠਿੰਡਾ ਜ਼ਿਲ੍ਹੇ ਦਾ ਪਿੰਡ ਗੁਰੂਸਰ ਮਹਿਰਾਜ ਵੀ ਸ਼ਾਮਲ ਹੈ। ਸਮੁੱਚੇ ਪੰਜਾਬ ’ਚ ਇਸ ਵੇਲੇ 4,799 ਪਿੰਡ ਉਹ ਹਨ, ਜਿਨ੍ਹਾਂ ’ਚ 40 ਫ਼ੀਸਦ ਤੋਂ ਜ਼ਿਆਦਾ ਆਬਾਦੀ ਦਲਿਤ ਭਾਈਚਾਰੇ ਦੀ ਹੈ।
ਕਾਂਗਰਸ ਵੱਲੋਂ ‘ਸਾਡਾ ਚੰਨੀ’ ਮੁਹਿੰਮ ਸ਼ੁਰੂ
ਪੰਜਾਬ ਸਰਕਾਰ ਵੱਲੋਂ ਦਲਿਤ ਭਾਈਚਾਰੇ ਦੇ ਵੋਟ ਬੈਂਕ ਦਾ ਲਾਹਾ ਲੈਣ ਲਈ ‘ਸਾਡਾ ਚੰਨੀ’ ਨਾਅਰਾ ਮਕਬੂਲ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ। ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਮਗਰੋਂ ਕਾਂਗਰਸ ਦਾ ਇਸ ਤਰ੍ਹਾਂ ਦਾ ਸਿਆਸੀ ਗੀਤ ਵੀ ਸੋਸ਼ਲ ਮੀਡੀਆ ’ਤੇ ਵਜ ਰਿਹਾ ਹੈ। ਕਾਂਗਰਸ ਦੇ ਪੈਂਤੜੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਐਤਕੀਂ ਬਸਪਾ ਨਾਲ ਗੱਠਜੋੜ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉੱਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਵਰਗ ਨੂੰ ਦੇਣ ਦਾ ਐਲਾਨ ਕੀਤਾ ਹੈ।
ਰਵਾਇਤੀ ਸਿਆਸਤ ਦੀ ਜਕੜ ਟੁੱਟੀ : ਜੋਧਕਾ
ਜਵਾਹਰ ਲਾਲ ਨਹਿਰੂ ’ਵਰਸਿਟੀ ਦਿੱਲੀ ਦੇ ਸਮਾਜ ਸ਼ਾਸਤਰੀ ਪ੍ਰੋ. ਸੁਰਿੰਦਰ ਜੋਧਕਾ ਦਾ ਪ੍ਰਤੀਕਰਮ ਹੈ ਕਿ ਅਸਲ ਵਿੱਚ ਮੌਜੂਦਾ ਚੋਣਾਂ ਵਿੱਚ ਪੰਜਾਬ ਦੀ ਰਵਾਇਤੀ ਸਿਆਸਤ ਦੀ ਜਕੜ ਟੁੱਟੀ ਹੈ ਤੇ ਸਿਆਸਤ ’ਚ ਦਲਿਤ ਵਰਗ ਦੀ ਪਛਾਣ ਲਈ ਥਾਂ ਬਣੀ ਹੈ। ਦਲਿਤ ਵਰਗ ਵੱਖਰੀ ਹਸਤੀ ਵਜੋਂ ਉੱਭਰਿਆ ਹੈ, ਜਿਸ ਦੇ ਸਿੱਟੇ ਵਜੋਂ ਸਿਆਸੀ ਪਾਰਟੀਆਂ ਨੂੰ ਐਤਕੀਂ ਵਿਸ਼ੇਸ਼ ਧਿਆਨ ਦੇਣਾ ਪੈ ਰਿਹਾ ਹੈ।