ਪੱਤਰ ਪ੍ਰੇਰਕ
ਬਠਿੰਡਾ, 6 ਜਨਵਰੀ
ਸੰਯੁਕਤ ਸੰਘਰਸ਼ ਪਾਰਟੀ ਬਣਾ ਕੇ ਪੰਜਾਬ ਦੀ ਸਿਆਸਤ ਵਿੱਚ ਕਦਮ ਰੱਖਣ ਵਾਲੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਲਾਮਬੰਦੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਵੇਲੇ ਖੇਤੀ ਉੱਤਮ ਹੁੰਦੀ ਸੀ ਪਰ ਅੱਜ ਕਿਸਾਨ ਕਰਜ਼ਈ ਹੋ ਰਹੇ ਹਨ, ਜਿਸ ਲਈ ਮੌਜੂਦਾ ਸਿਆਸਤਦਾਨ ਜ਼ਿੰਮੇਵਾਰ ਹਨ। ਚੜੂਨੀ ਨੇ ਕਿਹਾ ਕਿ ਪੂੰਜੀਪਤੀ ਹਜ਼ਾਰ ਕਰੋੜ ਰੁਪਏ ਖਾ ਕੇ ਵੀ ਖ਼ੁਦਕੁਸ਼ੀ ਨਹੀਂ ਕਰਦੇ ਪਰ ਜਦੋਂ ਕਿਸਾਨ 50 ਹਜ਼ਾਰ ਰੁਪਏ ਦਾ ਵੀ ਕਰਜ਼ਾ ਲੈ ਲਵੇ ਤਾਂ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ, ਜਿਸ ਕਾਰਨ ਉਹ ਮਜਬੂਰਨ ਖ਼ੁਦਕੁਸ਼ੀ ਕਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗਰੀਬ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਕੋਈ ਪ੍ਰਬੰਧ ਨਹੀਂ ਹੈ, ਅੱਜ ਵੀ ਲੱਖਾਂ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ 35 ਰੁਪਏ ਹੈ, ਜੋ ਕਿ ਨਾਂਮਾਤਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਕੱਲੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਅੱਸੀ ਲੱਖ ਦੇ ਕਰੀਬ ਵੋਟਾਂ ਹਨ, ਇਸ ਲਈ ਰਵਾਇਤੀ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਲੋਕਾਂ ਨੂੰ ਆਪਣੇ ਵਿੱਚੋਂ ਆਗੂ ਚੁਣ ਕੇ ਸਰਕਾਰ ਬਣਾਉਣੀ ਚਾਹੀਦੀ ਹੈ। ਚੜੂਨੀ ਨੇ ਕਿਹਾ ਕਿ ਪੈਸੇ ਦੀ ਘਾਟ ਕਾਰਨ ਪਾਰਟੀ ਵਰਕਰ ਟੋਲੀਆਂ ਬਣਾ ਕੇ ਪ੍ਰਚਾਰ ਕਰਨਗੇ।