ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 10 ਸਤੰਬਰ
ਕੂੰਮਕਲਾਂ ਥਾਣਾ ਅਧੀਨ ਕੁਹਾੜਾ-ਮਾਛੀਵਾੜਾ ਰੋਡ ’ਤੇ ਸਥਿਤ ਪੇਂਡੂ ਬੱਸ ਅੱਡਿਆਂ ’ਤੇ ਕੁੱਝ ਦਿਨਾਂ ਤੋਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਹੋਏ ਹਨ, ਜਿਸ ਦੀ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ। ਮਾਛੀਵਾੜਾ-ਕੁਹਾੜਾ ਰੋਡ ’ਤੇ ਸਥਿਤ ਪਿੰਡ ਰਜ਼ੂਲ, ਪੰਜੇਟਾ ਅਤੇ ਸੰਘਿਆਂ ਦੇ ਬੱਸ ਅੱਡੇ ਜਿੱਥੋਂ ਕਿ ਰੋਜ਼ ਸਵਾਰੀਆਂ ਚੜ੍ਹਦੀਆਂ ਹਨ ’ਤੇ ਖਾਲਿਸਤਾਨ ਸਮਰਥਕਾਂ ਵਲੋਂ ਇਸ ਸਬੰਧੀ ਹੱਥ ਲਿਖਿਤ ਨਾਅਰੇ ਬਣਾਏ ਗਏ ਹਨ। ਇਨ੍ਹਾਂ ਨਾਅਰਿਆਂ ਤੋਂ ਇਲਾਵਾ ਰਿਫੈਂਰਡਮ-2020 ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰੋ ਵੀ ਲਿਖਿਆ ਗਿਆ ਹੈ। ਇਨ੍ਹਾਂ ਬੱਸ ਅੱਡਿਆਂ ਦੇ ਆਸ-ਪਾਸ ਰਹਿੰਦੇ ਦੁਕਾਨਦਾਰਾਂ ਨੇ ਦੱਸਿਆ ਕਿ ਖਾਲਿਸਤਾਨ ਸਮਰਥਕ ਨਾਅਰੇ ਪਿਛਲੇ ਮਹੀਨੇ ਕੋਈ ਅਣਪਛਾਤਾ ਵਿਅਕਤੀ ਲਿਖ ਕੇ ਚਲਾ ਗਿਆ, ਜਿਸ ਸਬੰਧੀ ਕਿਸੇ ਨੇ ਪੁਲੀਸ ਕੋਈ ਸ਼ਿਕਾਇਤ ਨਾ ਕੀਤੀ। ਥਾਣਾ ਕੂੰਮਕਲਾਂ ਮੁਖੀ ਵਰਿੰਦਰ ਸ਼ਰਮਾ ਨੇ ਕਿਹਾ ਕਿ 4 ਦਿਨ ਪਹਿਲਾਂ ਹੀ ਉਨ੍ਹਾਂ ਆਹੁਦਾ ਸੰਭਾਲਿਆ ਹੈ ਅਤੇ ਉਹ ਬੱਸ ਅੱਡੇ ’ਤੇ ਲਿਖੇ ਖਾਲਿਸਤਾਨ ਨਾਅਰਿਆਂ ਦੀ ਜਾਂਚ ਕਰਵਾਉਣਗੇ।