ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਚੰਡੀਗੜ੍ਹ/ਜਗਰਾਉਂ, 1 ਜੂਨ
ਕੁਲਵੰਤ ਕੌਰ ਦੀ ਕਥਿਤ ਪੁਲੀਸ ਤਸ਼ੱਦਦ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਇਨਸਾਫ਼ ਲਈ ਜਨਤਕ ਜਥੇਬੰਦੀਆਂ ’ਤੇ ਆਧਾਰਤ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਡੀਜੀਪੀ ਪੰਜਾਬ ਵੀਕੇ ਭਾਵਰਾ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਪੰਜਾਬ ਪੁਲੀਸ ਦੇ ਮੁਖੀ ਨੂੰ ਦੱਸਿਆ ਕਿ ਸੋਲਾਂ ਸਾਲ ਪਹਿਲਾਂ ਕੁਲਵੰਤ ਕੌਰ ਨੂੰ ਉਸ ਦੀ ਮਾਂ ਸੁਰਿੰਦਰ ਕੌਰ ਸਮੇਤ ਇਕ ਮਾਮਲੇ ਸਬੰਧੀ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ। ਤਤਕਾਲੀ ਥਾਣਾ ਮੁਖੀ ਨੇ ਕੁਲਵੰਤ ਕੌਰ ’ਤੇ ਕਥਿਤ ਤਸ਼ੱਦਦ ਕੀਤਾ, ਜਿਸ ਕਰਕੇ ਉਹ ਤੁਰਨ-ਫਿਰਨ ਤੋਂ ਨਕਾਰਾ ਹੋ ਗਈ ਅਤੇ ਸੋਲਾਂ ਸਾਲ ਤੱਕ ਮੰਜੇ ’ਤੇ ਰਹਿਣ ਮਗਰੋਂ ਦਸੰਬਰ ਵਿੱਚ ਦਮ ਤੋੜ ਗਈ। ਵਫ਼ਦ ਨੇ ਕਿਹਾ ਕਿ ਪਹਿਲਾਂ ਤਾਂ ਸੋਲਾਂ ਸਾਲ ਸੁਣਵਾਈ ਨਹੀਂ ਹੋਈ ਅਤੇ ਕੁਲਵੰਤ ਕੌਰ ਦੀ ਮੌਤ ਮਗਰੋਂ ਪੁਲੀਸ ਨੇ ਡੀਐੱਸਪੀ ਸਮੇਤ ਚਾਰਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਤਾਂ ਦਰਜ ਕਰ ਲਿਆ ਪਰ ਕੋਈ ਵੀ ਗ੍ਰਿਫ਼ਤਾਰੀ ਹਾਲੇ ਤੱਕ ਨਹੀਂ ਹੋਈ ਹੈ। ਇਸ ਲਈ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ।
ਵਫ਼ਦ ’ਚ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕੰਵਲਜੀਤ ਖੰਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਮਨੋਹਰ ਸਿੰਘ ਝੋਰੜਾਂ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਰਾਮਤੀਰਥ ਸਿੰਘ ਲੀਲ੍ਹਾ, ਪੰਜਾਬ ਨਿਰਮਾਣ ਸਭਾ ਗੁਰਦੀਪ ਸਿੰਘ ਰਾਏਕੋਟ, ਪੰਜਾਬ ਕਿਸਾਨ ਯੂਨੀਅਨ ਦੇ ਡਾਕਟਰ ਗੁਰਚਰਨ ਸਿੰਘ ਰਾਏਕੋਟ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੋਂ ਇਲਾਵਾ ਇਕਬਾਲ ਸਿੰਘ ਰਸੂਲਪੁਰ ਤੇ ਦਰਸ਼ਨ ਸਿੰਘ ਧਾਲੀਵਾਲ ਸ਼ਾਮਲ ਸਨ। ਵਫ਼ਦ ਨੇ ਡੀਜੀਪੀ ਦੇ ਧਿਆਨ ਵਿੱਚ ਲਿਆਂਦਾ ਕਿ ਪੀੜਤ ਪਰਿਵਾਰ ਅਤੇ ਇਨਸਾਫ਼ਪਸੰਦ ਲੋਕ ਪਿਛਲੇ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਹਨ। ਪਰਿਵਾਰ ਦੀ 75 ਸਾਲਾ ਮਾਤਾ ਸੁਰਿੰਦਰ ਕੌਰ ਭੁੱਖ ਹੜਤਾਲ ’ਤੇ ਬੈਠੀ ਹੈ ਪਰ ਇਸ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਡੀਜੀਪੀ ਨੇ ਵਫ਼ਦ ਨੂੰ ਕਾਰਵਾਈ ਕਰਕੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਬਚਦਾ ਤੇ ਇਸ ਦੀ ਜ਼ਿੰਮੇਵਾਰ ਸਰਕਾਰ ਤੇ ਪੁਲੀਸ ਹੋਵੇਗੀ।