ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 21 ਜੁਲਾਈ
ਉੱਘੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦੇ ਅੱਜ ਮੁਹਾਲੀ ਪੁਲੀਸ ਵੱਲੋਂ ਸੈਂਪਲ ਲਏ ਗਏ। ਅੱਜ ਲਾਰੈਂਸ ਨੂੰ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ’ਚ ਲਿਆਂਦਾ ਗਿਆ। ਉਸ ਨੂੰ ਇਥੇ ਡੇਢ ਘੰਟਾ ਰੱਖਿਆ ਗਿਆ। ਸੂਤਰਾਂ ਅਨੁਸਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਆਵਾਜ਼ ਦਾ ਸੈਂਪਲ ਇਸ ਕਰ ਕੇ ਲਿਆ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਉਸ ਵੱਲੋਂ ਪੰਜਾਬ ਦੇ ਗਾਇਕਾਂ, ਅਦਾਕਾਰਾਂ ਤੇ ਕਾਰੋਬਾਰੀਆਂ ਨੂੰ ਫਿਰੌਤੀ ਦੇਣ ਲਈ ਫੋਨ ’ਤੇ ਧਮਕਾਇਆ ਜਾਂਦਾ ਰਿਹਾ ਹੈ। ਉਧਰ, ਜਦੋਂ ਪੁਲੀਸ ਗੈਂਗਸਟਰ ਲਾਰੈਂਸ ਨੂੰ ਲੈ ਕੇ ਆਈ ਤਾਂ ਕੁਝ ਸਮੇਂ ਲਈ ਫੇਜ਼-3-5 ਦੀਆਂ ਲਾਈਟਾਂ ’ਤੇ ਆਵਾਜਾਈ ਰੋਕ ਦਿੱਤੀ ਗਈ। ਜਿੰਨਾ ਸਮਾਂ ਲਾਰੈਂਸ ਨੂੰ ਇੱਥੇ ਰੱਖਿਆ ਗਿਆ, ਉਸ ਸਮੇਂ ਤੱਕ ਫੇਜ਼-5 ਦੀ ਮਾਰਕੀਟ ਤੇ ਸਾਈਬਰ ਕ੍ਰਾਈਮ ਸੈੱਲ ਦੀ ਇਮਾਰਤ ਸਾਹਮਣਿਉਂ ਲੰਘਦੀ ਸੜਕ ’ਤੇ ਜਵਾਨ ਪੂਰੀ ਤਰ੍ਹਾਂ ਮੁਸਤੈਦ ਰਹੇ। ਪੁਲੀਸ ਵੱਲੋਂ ਫਿਰੌਤੀ ਲਈ ਧਮਕੀਆਂ ਦੇਣ ਵਾਲਿਆਂ ਦੀ ਰਿਕਾਰਡਿੰਗ ਨਾਲ ਲਾਰੈਂਸ ਦੀ ਆਵਾਜ਼ ਦੇ ਨਮੂਨੇ ਮਿਲਾਏ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਰੈਂਸ ਬਿਸ਼ਨੋਈ ਅਕਸਰ ਗੋਲਡੀ ਬਰਾੜ ਨਾਲ ਫੋਨ ’ਤੇ ਗੱਲਬਾਤ ਕਰਦਾ ਸੀ ਤੇ ਉਸ ਨਾਲ ਹੋਈ ਗੱਲਬਾਤ ਸਬੰਧੀ ਵੀ ਲਾਰੈਂਸ ਦੀ ਆਵਾਜ਼ ਦਾ ਮਿਲਾਣ ਕਰਵਾ ਕੇ ਦੇਖਿਆ ਜਾਵੇਗਾ। ਸੂਤਰਾਂ ਅਨੁਸਾਰ ਪੁਲੀਸ ਵੱਲੋਂ ਗੈਂਗਸਟਰਾਂ ਦੀ ਆਵਾਜ਼ ਦੇ ਸੈਂਪਲ ਇਸ ਲਈ ਵੀ ਰੱਖੇ ਜਾਂਦੇ ਹਨ ਕਿ ਜੇਕਰ ਬਾਅਦ ਵਿੱਚ ਇਹ ਆਪਣਾ ਭੇਸ ਬਦਲ ਲੈਣ ਤਾਂ ਵੀ ਇਨ੍ਹਾਂ ਦੀ ਆਵਾਜ਼ ਨਾਲ ਉਨ੍ਹਾਂ ਦੀ ਪਛਾਣ ਹੋ ਸਕੇ।
ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਮਲੋਟ (ਨਿੱਜੀ ਪੱਤਰ ਪ੍ਰੇਰਕ): ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮਲੋਟ ਦੀ ਅਦਾਲਤ ਨੇ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ ਤੋਂ ਮਲੋਟ ਲਿਆਂਦਾ ਗਿਆ ਤੇ ਜੱਜ ਦਿਲਸ਼ਾਦ ਕੌਰ ਸਾਹਮਣੇ ਪੇਸ਼ ਕੀਤਾ ਗਿਆ। ਸਾਲ 2020 ਵਿਚ ਨੌਜਵਾਨ ਰਣਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਪੁੱਛਗਿਛ ਲਈ ਲਾਰੈਂਸ ਦੇ 14 ਦਿਨ ਦਾ ਪੁਲੀਸ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 7 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਕਤ ਗੈਂਗਸਟਰ ਨੂੰ ਡੀਐਸਪੀ ਬਲਕਾਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਅਦਾਲਤ ਵਿਚ ਪੇਸ਼ ਕੀਤਾ।