ਕੇ.ਪੀ ਸਿੰਘ
ਗੁਰਦਾਸਪੁਰ, 29 ਜੂਨ
ਏਅਰ ਫੋਰਸ ਬੇਸ ਜੰਮੂ ’ਤੇ ਹੋਏ ਡਰੋਨ ਹਮਲੇ ਪਿੱਛੋਂ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਚੌਕਸੀ ਵਧਾਉਣ ਦੇ ਮੱਦੇਨਜ਼ਰ ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਤਿੰਨ ਸਰਹੱਦੀ ਪੁਲੀਸ ਜ਼ਿਲ੍ਹਿਆਂ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਦੇ ਐੱਸਐੱਸਪੀਜ਼ ਅਤੇ ਬੀਐੱਸਐਫ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਡੀਜੀਪੀ ਨੇ ਬੀਐੱਸਐੱਫ ਨੂੰ ਪੰਜਾਬ ਦੀਆਂ ਸਰਹੱਦਾਂ ’ਤੇ ਡਰੋਨਾਂ ਦੀਆਂ ਗਤੀਵਿਧੀਆਂ, ਜੋ ਕੌਮੀ ਸੁਰੱਖਿਆ ’ਤੇ ਨਵੇਂ ਖ਼ਤਰੇ ਵਜੋਂ ਸਾਹਮਣੇ ਆ ਰਹੀਆਂ ਹਨ, ਦਾ ਮੁਕਾਬਲਾ ਕਰਨ ਲਈ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਪੰਜਾਬ ਪੁਲੀਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਇਨ੍ਹਾਂ ਗਤੀਵਿਧੀਆਂ ’ਤੇ ਨਜ਼ਰ ਰੱਖ ਸਕਣ ਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾ ਸਕਣ। ਉਨ੍ਹਾਂ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਦੇ ਐੱਸਐੱਸਪੀਜ਼ ਨੂੰ ਸਰਹੱਦੀ ਪਿੰਡਾਂ ਦੀ ਸੂਚੀ ਬਣਾਉਣ ਤੇ ਹਰ ਪਿੰਡ ਵਿੱਚ ਪੁਲੀਸ, ਜਨਤਾ, ਜੀਓਜੀ ਅਤੇ ਐੱਨਜੀਓਜ਼ ਆਦਿ ਦੇ ਸਹਿਯੋਗ ਨਾਲ ਖ਼ੁਫ਼ੀਆ ਨੈੱਟਵਰਕ ਵਿਕਸਤ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਹ ਆਪਣੇ ਪਿੰਡ ਵਿਚ ਹੋਣ ਵਾਲੀਆਂ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕਰ ਸਕਣ।