ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਮਾਰਚ
ਪੰਜਾਬ ਪੁਲੀਸ ਵਿੱਚ 2016 ਤੋਂ ਅਧੂਰੀ ਪਈ ਭਰਤੀ ਪ੍ਰਕਿਰਿਆ ਮੁਕੰਮਲ ਕਰਾਉਣ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਅੱਠ ਉਮੀਦਵਾਰ ਲਗਾਤਾਰ ਧਰਨਾ ਦੇ ਰਹੇ ਹਨ। ਅੱਜ ਧਰਨੇ ਦੇ ਤੀਜੇ ਦਿਨ ਟੈਂਕੀ ’ਤੇ ਚੜ੍ਹੀ ਇੱਕ ਲੜਕੀ ਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਬੈਠੇ ਧਰਨਾਕਾਰੀਆਂ ਵਿੱਚੋਂ ਵੀ ਇੱਕ ਲੜਕੀ ਦੀ ਸਿਹਤ ਵਿਗੜ ਗਈ ਹੈ। ਦੋਵੇਂ ਲੜਕੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਿੱਛੇ ਦੋ ਲੜਕੀਆਂ ਸਮੇਤ ਸੱਤ ਉਮੀਦਵਾਰ ਹਾਲੇ ਵੀ ਟੈਂਕੀ ’ਤੇ ਡਟੇ ਹੋਏ ਹਨ, ਜਦਕਿ ਬੀਤੀ ਰਾਤ ਬਾਕੀ ਪ੍ਰਦਰਸ਼ਨਕਾਰੀਆਂ ਨੇ ਰੋਸ ਧਰਨਾ ਦਿੱਲੀ-ਲੁਧਿਆਣਾ ਹਾਈਵੇਅ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਤਬਦੀਲ ਕਰ ਦਿੱਤਾ ਹੈ।
ਟੈਂਕੀ ’ਤੇ ਚੜ੍ਹੇ ਅਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਡਟੇ ਪ੍ਰਦਰਸ਼ਨਕਾਰੀ ਮਸਲੇ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਹਨ, ਪਰ ਹਾਲੇ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਨਹੀਂ ਕਰਵਾਈ ਗਈ। ਹਾਲਾਂਕਿ ਕਿ ਬੀਤੇ ਕੱਲ੍ਹ ਸੰਗਰੂਰ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਪੰਜ ਆਗੂਆਂ ਨੂੰ ਚੰਡੀਗੜ੍ਹ ਲਿਜਾ ਕੇ ਪੰਜਾਬ ਪੁਲੀਸ ਦੇ ਦੋ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਗਈ ਸੀ, ਜਿਸ ਦੇ ਬੇਸਿੱਟਾ ਰਹਿਣ ਮਗਰੋਂ ਬੀਤੀ ਰਾਤ ਹੀ ਉਨ੍ਹਾਂ ਸਥਾਨਕ ਪਟਿਆਲਾ ਰੋਡ ਸਥਿਤ ਡਰੀਮਲੈਂਡ ਕਲੋਨੀ ਵਿੱਚ ਭਗਵੰਤ ਮਾਨ ਦੀ ਕੋਠੀ ਨੇੜੇ ਧਰਨਾ ਲਾ ਲਿਆ ਸੀ। ਪ੍ਰਦਰਸ਼ਕਾਰੀਆਂ ਦੇ ਆਗੂ ਜਗਦੀਪ ਸਿੰਘ ਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨੇ ਦੌਰਾਨ ਇੱਕ ਲੜਕੀ ਮਨਜੀਤ ਕੌਰ ਫਿਰੋਜ਼ਪੁਰ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਟੈਂਕੀ ’ਤੇ ਤਿੰਨ ਦਿਨਾਂ ਤੋਂ ਚੜ੍ਹੀ ਹੋਈ ਮਨਪ੍ਰੀਤ ਕੌਰ ਬਟਾਲਾ ਦੀ ਗਰਮੀ ਕਾਰਨ ਸਿਹਤ ਵਿਗੜੀ ਹੈ। ਉਸ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾ. ਜਸਦੀਪ ਕੌਰ ਨੇ ਦੋਵੇਂ ਲੜਕੀਆਂ ਦੇ ਹਸਪਤਾਲ ਦਾਖ਼ਲ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਦੀ ਸਿਹਤ ਹੁਣ ਸਥਿਰ ਹੈ।