ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੂਨ
ਇਥੇ ਕਰੀਬ ਸੌ ਫੁੱਟ ਉਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਪੰਜਾਬ ਪੁਲੀਸ ਭਰਤੀ-2016 ਦੀਆਂ ਉਮੀਦਵਾਰ ਸੱਤ ਲੜਕੀਆਂ ਨੇ ਅੱਜ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਟੈਂਕੀ ਦੇ ਬਾਹਰਲੇ ਪਾਸੇ ਕਰੀਬ 80 ਫੁੱਟ ਦੀ ਉਚਾਈ ’ਤੇ ਟੈਂਕੀ ਦੇ ਪਿੱਲਰਾਂ ਉਪਰ ਬੈਠ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਮੀਦਵਾਰ ਲੜਕੀਆਂ ਨੇ ਅੱਜ ਟੈਂਕੀ ’ਤੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਹੈ। ਗਰਮੀ ਕਾਰਨ ਟੈਂਕੀ ’ਤੇ ਬਿਮਾਰ ਹੋਈ ਸਰਬਜੀਤ ਕੌਰ ਨੂੰ ਸਾਥੀਆਂ ਨੇ ਸਿਵਲ ਹਪਸਤਾਲ ਦਾਖਲ ਕਰਵਾਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਉਮੀਦਵਾਰ ਲੜਕੀਆਂ ਛੱਤ ਤੋਂ ਥੋੜ੍ਹਾ ਥੱਲੇ ਉਤਰ ਕੇ ਟੈਂਕੀ ਦੇ ਆਲੇ-ਦੁਆਲੇ ਬਣੇ ਪਿੱਲਰਾਂ ’ਤੇ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੀਆਂ। ਪਤਾ ਲੱਗਦਿਆਂ ਹੀ ਪੁਲੀਸ ਨੇ ਟੈਂਕੀ ਦੇ ਆਲੇ-ਦੁਆਲੇ ਜਾਲ ਲਾ ਦਿੱਤਾ ਹੈ। ਅੱਜ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਟੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਪੁੱਜੇ ਹੋਏ ਸਨ। ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਮਹਿਲਾ ਆਈਪੀਐੱਸ ਅਧਿਕਾਰੀ ਕੰਵਰਦੀਪ ਕੌਰ ਨੇ ਟੈਂਕੀ ਕੋਲ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਤੇ ਲੜਕੀਆਂ ਨੂੰ ਹੇਠਾਂ ਉਤਾਰਨ ਦੀ ਅਪੀਲ ਕੀਤੀ, ਪਰ ਲੜਕੀਆਂ ਨੇ ਥੱਲੇ ਉਤਰਨ ਤੋਂ ਇਨਕਾਰ ਕਰ ਦਿੱਤਾ। ਪ੍ਰਦਰਸ਼ਨਕਾਰੀ ਉਮੀਦਵਾਰਾਂ ਦੇ ਪ੍ਰਮੁੱਖ ਆਗੂ ਜਗਦੀਪ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਪੁੱਜੇ ਮਹਿਲਾ ਪੁਲੀਸ ਅਧਿਕਾਰੀ ਨੇ ਲੜਕੀਆਂ ਨੂੰ ਥੱਲੇ ਉਤਾਰਨ ਤੇ ਮੰਗਾਂ ਦੇ ਹੱਲ ਲਈ ਸਮਾਂ ਦੇਣ ਲਈ ਕਿਹਾ ਹੈ, ਪਰ ਪ੍ਰਦਰਸ਼ਨਕਾਰੀ ਉਮੀਦਵਾਰ ਪਹਿਲਾਂ ਪੁਲੀਸ ਭਰਤੀ ਦੀ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਨ ਦੀ ਮੰਗ ’ਤੇ ਅੜ੍ਹੇ ਹੋਏ ਹਨ। ਕਰੀਬ ਚਾਰ ਘੰਟੇ ਗੱਲਬਾਤ ਜਾਰੀ ਰਹੀ, ਪਰ ਦੇਰ ਸ਼ਾਮ ਤੱਕ ਕੋਈ ਸਹਿਮਤੀ ਨਹੀਂ ਬਣੀ ਸੀ।
ਇਸੇ ਦੌਰਾਨ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅੱਜ ਦੁਪਹਿਰ ਤਿੰਨ ਕੱਚੇ ਅਧਿਆਪਕ ਸਮਰਜੀਤ ਸਿੰਘ ਮਾਨਸਾ, ਬਲਕਾਰ ਸਿੰਘ ਪਾਤੜਾਂ ਅਤੇ ਜਸਵੀਰ ਕੌਰ ਬਠਿੰਡਾ ਇਥੇ ਸਿਵਲ ਹਸਪਤਾਲ ਦੀ ਲਗਪਗ ਸੌ ਫੁਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ, ਜਦਕਿ ਬਾਕੀ ਕੱਚੇ ਅਧਿਆਪਕਾਂ ਨੇ ਟੈਂਕੀ ਦੇ ਹੇਠਾਂ ਰੋਸ ਧਰਨਾ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਆਗੂ ਕਿਰਨ ਕੌਰ ਢਿੱਲੋਂ ਨੇ ਕਿਹਾ ਕਿ ਕੱਚੇ ਅਧਿਆਪਕ 2003 ਤੋਂ ਸਰਕਾਰੀ ਸਕੂਲਾਂ ਵਿੱਚ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਣਨ ਮਗਰੋਂ ਉਹ ਲਗਾਤਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਹਨ, ਪਰ ਹਾਲੇ ਤੱਕ ਕਿਸੇ ਨੇ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਰੀਬ 13 ਹਜ਼ਾਰ ਕੱਚੇ ਅਧਿਆਪਕ ਹਨ, ਜਿਨ੍ਹਾਂ ਵਿੱਚੋਂ ਤਿੰਨ ਹਜ਼ਾਰ ਅਧਿਆਪਕ ਟੈੱਟ ਪਾਸ ਹਨ, ਪਰ ਸਰਕਾਰ ਵੱਲੋਂ ਹਾਲੇ ਤੱਕ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਮੰਨੇ ਜਾਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਮੁੱਖ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰਨ ਜਾ ਰਹੀਆਂ ਨਰਸਾਂ ਹਿਰਾਸਤ ’ਚ ਲਈਆਂ
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਸੰਗਰੂਰ ਵਿੱਚ ਕਿਸੇ ਸਮਾਗਮ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਹਾਜ਼ ਅੱਜ ਸੰਗਰੂਰ ਰੋਡ ਸਥਿਤ ‘ਏਵੀਏਸ਼ਨ ਕਲੱਬ’ ’ਤੇ ਉਤਰਿਆ। ਇਹ ਖ਼ਬਰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ਼ ਨੂੰ ਮਿਲਣ ’ਤੇ ਨਰਸਿੰਗ ਸਟਾਫ਼ ਦੀ ਆਗੂ ਜਸ਼ਨਦੀਪ ਕੌਰ ਦੀ ਅਗਵਾਈ ਹੇਠ ਦਰਜਨ ਭਰ ਨਰਸਾਂ ਨੇ ਏਵੀਏਸ਼ਨ ਕਲੱਬ ਵੱਲ ਜਾਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨਰਸਾਂ ਨੂੰ ਪੁਲੀਸ ਨੇ ਰਾਹ ਵਿੱਚ ਹੀ ਰੋਕ ਲਿਆ। ਮੁੱਖ ਮੰਤਰੀ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਆਈਆਂ ਇਨ੍ਹਾਂ ਨਰਸਾਂ ਦਾ ਤਰਕ ਸੀ ਕਿ ਕੋਵਿਡ ਮਹਾਮਾਰੀ ਵੇਲੇ ਉਨ੍ਹਾਂ ਜਾਨ ’ਤੇ ਖੇਲ੍ਹ ਕੇ ਸੇਵਾਵਾਂ ਨਿਭਾਈਆਂ, ਜਿਨ੍ਹਾਂ ਵਿੱਚੋਂ ਕਈਆਂ ਦੀ ਜਾਨ ਵੀ ਗਈ, ਪਰ ਸਰਕਾਰ ਨੇ ਕਰੋਨਾ ਦਾ ਕਹਿਰ ਘਟਣ ’ਤੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਦੀਆਂ ਮੰਗਾਂ ਸਬੰਧੀ ਕਈ ਵਾਰ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਚੁੱਕੀਆਂ ਹਨ, ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰਕੇ ਅੱਜ ਉਹ ਆਪਣੀ ਗੱਲ ਰੱਖਣ ਲਈ ਆਈਆਂ ਸਨ, ਪਰ ਪੁਲੀਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਘੇਰ ਲਿਆ। ਜ਼ਿਕਰਯੋਗ ਹੈ ਕਿ ਪੁਲੀਸ ਨੇ ਇਨ੍ਹਾਂ ਨਰਸਾਂ ਨੂੰ 11 ਵਜੇ ਦੇ ਕਰੀਬ ਘੇਰਿਆ ਸੀ, ਜਦਕਿ ਮੁੱਖ ਮੰਤਰੀ ਇਥੇ 12.47 ’ਤੇ ਪਹੁੰਚੇ ਅਤੇ ਜਹਾਜ਼ ’ਚੋਂ ਉਤਰ ਕੇ ਸੜਕ ਰਾਹੀਂ ਸੰਗਰੂਰ ਵੱੱਲ ਚਲੇ ਗਏ। ਨਰਸਿੰਗ ਸਟਾਫ ਦੀਆਂ ਮੈਂਬਰਾਂ ਨੇ ਮੰਗ ਕੀਤੀ ਕਿ ਕਰੋਨਾ ਦੌਰਾਨ ਜਾਨ ਜੋਖਮ ’ਚ ਪਾਉਣ ਵਾਲੇ ਨਰਸਿੰਗ ਅਤੇ ਹੋਰ ਸਟਾਫ਼ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ।