ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਜੁਲਾਈ
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪੰਜਾਬ ਪੁਲੀਸ 2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਵਾਲੇ ਉਮੀਦਵਾਰਾਂ ਨੇ ਸ਼ੁਰੂ ਕੀਤੇ ਮਰਨ ਵਰਤ ਦੇ ਦੂਜੇ ਦਿਨ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਲਕੇ 16 ਜੁਲਾਈ ਨੂੰ ਦੁਪਹਿਰ 12 ਵਜੇ ਤੱਕ ਉਨ੍ਹਾਂ ਨੂੰ ਨੌਕਰੀ ਜੁਆਇਨ ਨਾ ਕਰਵਾਈ ਤਾਂ ਉਹ ਕੋਈ ਵੱਡਾ ਕਦਮ ਚੁੱਕਣਗੇ, ਜਿਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੋਵੇਗੀ।
ਜਾਣਕਾਰੀ ਮੁਤਾਬਿਕ ਮਰਨ ਵਰਤ ’ਤੇ ਬੈਠੇ ਉਮੀਦਵਾਰਾਂ ਨੇ ਅੱਜ ਗੁਰੂ ਗੋਬਿੰਦ ਸਿੰਘ ਦੀ ਤਸਵੀਰ ’ਤੇ ਹੱਥ ਰੱਖ ਕੇ ਸਹੁੰ ਖਾਧੀ ਕਿ ਜਦੋਂ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ, ਉਦੋਂ ਤੱਕ ਉਹ ਅੰਨ-ਪਾਣੀ ਨੂੰ ਮੂੰਹ ਨਹੀਂ ਲਾਉਣਗੇ। ਪਿਛਲੇ ਕਰੀਬ ਡੇਢ ਮਹੀਨੇ ਤੋਂ ਇੱਥੇ ਪੱਕਾ ਮੋਰਚਾ ਲਾ ਕੇ ਬੈਠੇ ਪੰਜਾਬ ਪੁਲੀਸ ਭਰਤੀ ਵਾਲੇ ਉਮੀਦਵਾਰਾਂ ਵਿੱਚੋਂ ਤਿੰਨ ਲੜਕੀਆਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ, ਜਦੋਂ ਕਿ ਅੱਜ ਦੂਜੇ ਦਿਨ 8 ਹੋਰ ਲੜਕੇ ਮਰਨ ਵਰਤ ’ਤੇ ਬੈਠ ਗਏ। ਤਿੰਨ ਲੜਕੀਆਂ ਹਰਦੀਪ ਕੌਰ, ਬਿਮਲਾ ਬਾਈ, ਮਨਜੀਤ ਕੌਰ ਤੇ ਸੱਤ ਲੜਕਿਆਂ ਸੁਖਵਿੰਦਰ ਸਿੰਘ, ਬਲਜੀਤ ਰਾਮ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਹਾਂਵੀਰ ਸਿੰਘ, ਗੁਰਦੀਪ ਸਿੰਘ ਅਤੇ ਗੁਰਪਿਆਰ ਸਿੰਘ ਨੇ ਆਪਣੇ ਦਸਤਖਤਾਂ ਹੇਠ ਇੱਕ ਪੱਤਰ ਰਾਹੀਂ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ਭਲਕੇ 16 ਜੁਲਾਈ ਨੂੰ 12 ਵਜੇ ਤੱਕ ਦਾ ਸਮਾਂ ਦਿੰਦੇ ਹਨ ਕਿ ਜੇ ਉਨ੍ਹਾਂ ਦੀ ਜੁਆਇਨਿੰਗ ਨਾ ਕਰਵਾਈ ਗਈ ਤਾਂ ਉਹ ਵੱਡਾ ਕਦਮ ਚੁੱਕਣਗੇ। ਡੀਐੱਸਪੀ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਮਾਮਲਾ ਐੱਸਡੀਐੱਮ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਉਹ ਖੁਦ ਵੀ ਮਰਨ ਵਰਤ ’ਤੇ ਬੈਠੇ ਉਮੀਦਵਾਰਾਂ ਨਾਲ ਗੱਲਬਾਤ ਕਰਨ ਲਈ ਜਾ ਰਹੇ ਹਨ।