ਜਸਵੰਤ ਜੱਸ
ਫਰੀਦਕੋਟ, 17 ਸਤੰਬਰ
ਫ਼ਰੀਦਕੋਟ ਪੁਲੀਸ ਨੇ ਜੁਲਾਈ 2020 ਵਿੱਚ ਫਰੀਦਕੋਟ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਜਾਅਲੀ ਸ਼ਾਹੀ ਵਸੀਅਤ ਤਿਆਰ ਕਰਨ ਸਬੰਧੀ ਦਰਜ ਕੀਤੇ ਗਏ ਕੇਸ ਨੂੰ ਪੜਤਾਲ ਮਗਰੋਂ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਦੂਸੇ ਪਾਸੇ ਮਹਾਰਾਜਾ ਦੀ ਧੀ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਪੁਲੀਸ ਦੀ ਇਸ ਸਿਫਾਰਸ਼ ਦਾ ਵਿਰੋਧ ਕਰਦਿਆਂ ਜਾਅਲੀ ਵਸੀਅਤ ਤਿਆਰ ਕਰਨ ਸਬੰਧੀ ਦਰਜ ਹੋਏ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ ਹੈ।
ਜ਼ਿਕਰਯੋਗ ਹੈ ਕਿ ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਨੇ ਪਹਿਲੀ ਜੂਨ 1982 ਨੂੰ ਵਸੀਅਤ ਤਿਆਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਆਪਣੀ ਲੜਕੀ ਅੰਮ੍ਰਿਤ ਕੌਰ ਨੂੰ ਸ਼ਾਹੀ ਜਾਇਦਾਦ ’ਚੋਂ ਕੁਝ ਨਹੀਂ ਦਿੱਤਾ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਸ਼ਾਹੀ ਵਸੀਅਤ ਨੂੰ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਅਤੇ ਰਿਆਸਤ ਦੀ ਜਾਇਦਾਦ ਸਾਰੇ ਵਾਰਸਾਂ ਵਿੱਚ ਬਰਾਬਰ ਵੰਡਣ ਦੇ ਆਦੇਸ਼ ਦਿੱਤੇ ਗਏ ਹਨ।
ਹਾਈ ਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਰਾਜ ਕੁਮਾਰੀ ਅੰਮ੍ਰਿਤ ਕੌਰ ਨੇ ਮਹਾਰਾਵਲ ਖੇਵਾ ਜੀ ਟਰੱਸਟ ਦੇ ਅਧਿਕਾਰੀਆਂ ਖ਼ਿਲਾਫ਼ ਜਾਅਲੀ ਵਸੀਅਤ ਤਿਆਰ ਕਰਨ ਦੀ ਸ਼ਿਕਾਇਤ ਕੀਤੀ ਸੀ ਅਤੇ ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਟਰੱਸਟ ਦੇ 23 ਅਧਿਕਾਰੀਆਂ ਖ਼ਿਲਾਫ਼ ਸੱਤ ਜੁਲਾਈ 2020 ਨੂੰ ਕੇਸ ਦਰਜ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਪੁਲੀਸ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਸੰਜੀਵ ਕੁੰਦੀ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਕੇਸ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਦੀ ਸੁਣਵਾਈ 11 ਨਵੰਬਰ ਨੂੰ ਹੋਵੇਗੀ।