ਸੁਰਜੀਤ ਮਜਾਰੀ
ਬੰਗਾ, 28 ਸਤੰਬਰ
ਆਮ ਆਦਮੀ ਪਾਰਟੀ ਦੇ ਵਰਕਰ ਜਿਉਂ ਹੀ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੁਰੇ ਤਾਂ ਪੁਲੀਸ ਨੇ ਘੇਰਾਬੰਦੀ ਕਰ ਕੇ ਰੋਕ ਲਿਆ। ਇਸ ਦੇ ਰੋਸ ਵਜੋਂ ਵਰਕਰਾਂ ਨੇ ਸੜਕ ’ਤੇ ਹੀ ਧਰਨਾ ਲਾ ਦਿੱਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਆਗੂ ਮਨੋਹਰ ਲਾਲ ਗਾਬਾ, ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸ਼ਹੀਦਾਂ ’ਤੇ ਸਮੇਂ ਦੇ ਹਾਕਮਾਂ ਦਾ ਇਸ ਤਰ੍ਹਾਂ ਕਬਜ਼ਾ ਕਰਨਾ ਮੰਦਭਾਗਾ ਹੈ।
ਇਸ ਦੌਰਾਨ ਪੁਲੀਸ ਤੇ ‘ਆਪ’ ਵਰਕਰਾਂ ’ਚ ਬਹਿਸਬਾਜ਼ੀ ਹੋਈ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਕਿਹਾ ਕਿ ਸ਼ਹੀਦੀ ਯਾਦਗਾਰਾਂ ’ਤੇ ਕਿਸੇ ਕਿਸਮ ਦੀ ਸਿਆਸਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ।
ਚੰਦੂਮਾਜਰਾ ਵੱਲੋਂ ਸ਼ਰਧਾ ਦੇ ਫੁੱਲ ਭੇਟ
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਅੱਜ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਲਕਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਕਾਫ਼ਲੇ ਦੇ ਰੂਪ ’ਚ ਸਮਾਰਕ ’ਤੇ ਪੁੱਜ ਕੇ ਸ਼ਰਧਾਂਜਲੀ ਭੇਟ ਕੀਤੀ। ਬਹੁਜਨ ਸਮਾਜ ਪਾਰਟੀ ਨੇ ਦੇਸ਼ ਅੰਦਰ ਪਾਰਦਰਸ਼ਤਾ ਲਿਆਉਣ ਲਈ ਸਮਾਜਿਕ ਪਰਿਵਰਤਨ ਦੀ ਲੋੜ ’ਤੇ ਜ਼ੋਰ ਦਿੱਤਾ।