ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਸਤੰਬਰ
ਸਿੱਖ ਜਥੇਬੰਦੀ ਦਲ ਖਾਲਸਾ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕਰਦਿਆਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਪੋਸਟਰ ਲਾਏ ਸਨ ਪਰ ਪੰਜਾਬ ਪੁਲੀਸ ਨੇ ਕਈ ਥਾਵਾਂ ’ਤੇ ਕੋਵਿਡ-19 ਤੋਂ ਬਚਾਅ ਸਬੰਧੀ ਪੋਸਟਰ ਲਾ ਕੇ ਇਨ੍ਹਾਂ ਨੂੰ ਲੁਕਾਉਣ ਦਾ ਯਤਨ ਕੀਤਾ ਹੈ।
ਜਨਰਲ ਸਕੱਤਰ ਪਰਮਜੀਤ ਸਿੰਘ ਨੇ ਆਖਿਆ ਕਿ ਪਾਰਟੀ ਵਲੋਂ ਇਸ ਸਬੰਧ ਵਿਚ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡਾ, ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅਤੇ ਗਲਿਆਰਾ, ਹਾਲ ਬਾਜ਼ਾਰ, ਭੰਡਾਰੀ ਪੁਲ ਸਮੇਤ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਪੋਸਟਰ ਲਾਏ ਗਏ ਹਨ। ਇਹ ਪੋਸਟਰ ਲਾਉਣ ਸਬੰਧੀ ਸ਼ਬਦੀ ਪ੍ਰਵਾਨਗੀ ਵੀ ਲਈ ਗਈ ਸੀ ਪਰ ਇਸ ਤੋਂ ਤੁਰੰਤ ਬਾਅਦ ਪੁਲੀਸ ਵਲੋਂ ਇਨ੍ਹਾਂ ਪੋਸਟਰਾਂ ਨੂੰ ਢਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਗਲਿਆਰਾ ਵਿਚ ਸਾਬਕਾ ਡੀਜੀਪੀ ਸਬੰਧੀ ਲਾਏ ਗਏ ਪੋਸਟਰਾਂ ਉਪਰ ਪੁਲੀਸ ਨੇ ਪੋਸਟਰ ਲਾ ਦਿੱਤੇ ਹਨ। ਦਲ ਖਾਲਸਾ ਨੇ ਕੱਲ੍ਹ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਾਉਣ ਵਾਲੇ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ।
ਅਕਾਲ ਤਖ਼ਤ ਵਿਖੇ ਮੀਟਿੰਗ 14 ਨੂੰ
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ 14 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਹੋਰ ਹਮਖਿਆਲੀ ਜਥੇਬੰਦੀਆਂ ਨਾਲ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਲਾਪਤਾ ਸਰੂਪ ਮਾਮਲੇ ਵਿਚ ਅਗਲੇਰੀ ਕਾਰਵਾਈ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਸਬੰਧੀ ਜਥੇਬੰਦੀਆਂ ਨਾਲ ਬੀਤੇ ਦਿਨੀਂ ਮੀਟਿੰਗ ਕਰਕੇ ਫ਼ੈਸਲਾ ਕੀਤਾ ਗਿਆ ਸੀ।
ਖਾਲੜਾ ਮਿਸ਼ਨ ਵੱਲੋਂ ਧਰਨਾ 12 ਨੂੰ
ਅੰਮ੍ਰਿਤਸਰ (ਪੱਤਰ ਪ੍ਰੇਰਕ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਅਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕਿਹਾ ਕਿ ਜੇ ਕੈਪਟਨ ਸਰਕਾਰ ਨੇ ਨਿਰਦੋਸ਼ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਅੰਮ੍ਰਿਤਸਰ ਦੇ ਭੰਡਾਰੀ ਪੁਲ ’ਤੇ 12 ਸਤੰਬਰ ਨੂੰ ਰੋਸ ਧਰਨਾ ਦੇਣਗੇ।