ਜਗਮੋਹਨ ਸਿੰਘ
ਘਨੌਲੀ, 27 ਦਸੰਬਰ
ਭਾਵੇਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰ ਪੰਜਾਬ ਦੇ ਕਿਸਾਨਾਂ ਵਿੱਚ ਮੋਦੀ ਪ੍ਰਤੀ ਰੋਸ ਦੀ ਲਹਿਰ ਹਾਲੇ ਘਟੀ ਨਹੀਂ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਉਦੋਂ ਵੇਖਣ ਨੂੰ ਮਿਲੀ ਜਦੋਂ ਮੌਸਮ ਦੀ ਖਰਾਬੀ ਕਾਰਨ ਪ੍ਰਧਾਨ ਮੰਤਰੀ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਕਸਬੇ ਦੀ ਫੇਰੀ ਲਈ ਵਾਇਆ ਰੂਪਨਗਰ ਸੜਕ ਦਾ ਰੂਟ ਲੱਗ ਗਿਆ। ਇਸ ਦੌਰਾਨ ਕੌਮੀ ਮਾਰਗ ਦੇ ਚੱਪੇ-ਚੱਪੇ ’ਤੇ ਪੁਲੀਸ ਖੜ੍ਹੀ ਦੇਖ ਕੇ ਪਿਛਲੇ ਦਿਨੀਂ ਬੁੰਗਾ ਸਾਹਿਬ ਵਿਖੇ ਅਦਾਕਾਰਾ ਕੰਗਣਾ ਰਣੌਤ ਨੂੰ ਘੇਰਨ ਵਾਲੀ ਕਿਸਾਨਾਂ ਦੀ ਜਥੇਬੰਦੀ ਕਿਰਤੀ ਕਿਸਾਨ ਮੋਰਚਾ ਰੂਪਨਗਰ ਦੇ ਆਗੂਆਂ ਨੇ ਆਪਣੇ ਸੂਤਰਾਂ ਰਾਹੀਂ ਜਾਣਕਾਰੀ ਇਕੱਤਰ ਕਰ ਲਈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਸੜਕ ਰਾਹੀਂ ਮੰਡੀ ਜਾ ਰਿਹਾ ਹੈ।
ਮੋਰਚੇ ਵੱਲੋਂ ਬਲਾਕ ਨੂਰਪੁਰ ਬੇਦੀ ਦੇ ਪ੍ਰਧਾਨ ਵੀਰ ਸਿੰਘ ਦੀ ਅਗਵਾਈ ਹੇਠ ਭਰਤਗੜ੍ਹ ਤੋਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੱਕ ਸੜਕ ਕਿਨਾਰੇ ਸਥਿਤ ਦੁਕਾਨਾਂ ਵਿੱਚ ਆਪਣੀ ਜਥੇਬੰਦੀ ਦੇ ਮੈਂਬਰਾਂ ਨੂੰ ਛੁਪਾ ਕੇ ਬਿਠਾ ਦਿੱਤਾ ਗਿਆ ਤਾਂ ਜੋ ਪ੍ਰਧਾਨ ਮੰਤਰੀ ਦਾ ਕਾਫਲਾ ਆਉਂਦੇ ਸਾਰ ਉਹ ਇਕਦਮ ਸੜਕ ’ਤੇ ਆ ਕੇ ਕਾਲੀਆਂ ਝੰਡੀਆਂ ਦਿਖਾ ਸਕਣ। ਕਿਰਤੀ ਕਿਸਾਨ ਮੋਰਚੇ ਤੋਂ ਇਲਾਵਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆਨੰਦਪੁਰ ਸਾਹਿਬ ਦੇ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਵੀ ਆਪਣੇ ਕੁੱਝ ਸਾਥੀਆਂ ਸਮੇਤ ਬੁੰਗਾ ਸਾਹਿਬ ਬੱਸ ਸਟੈਂਡ ਨੇੜੇ ਪੁੱਜ ਗਏ, ਪਰ ਨੈਸ਼ਨਲ ਹਾਈਵੇਅ ’ਤੇ ਤਾਇਨਾਤ ਪੁਲੀਸ ਫੋਰਸ ਨੇ ਕਿਸਾਨਾਂ ਨੂੰ ਕੌਮੀ ਮਾਰਗ ਤੋਂ ਖਦੇੜ ਦਿੱਤਾ। ਪਿਛਲੇ ਦਿਨੀਂ ਕੰਗਣਾ ਰਣੌਤ ਨੂੰ ਘੇਰ ਲਿਆ ਸੀ ਜਿਸ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਰੂਪਨਗਰ ਦੀ ਪੁਲੀਸ ਨੇ ਅੱਜ ਬੰਨ੍ਹ ਮਾਜਰਾ ਤੋਂ ਲੈ ਕੀਰਤਪੁਰ ਸਾਹਿਬ ਤੱਕ ਸੁਰੱਖਿਆ ਦੇ ਕਾਫੀ ਤਕੜੇ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਦੇ ਉੱਚ ਅਧਿਕਾਰੀ ਖੁਦ ਵੀ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਰਹੇ। ਉੱਧਰ, ਮੌਸਮ ਸਾਫ ਹੋਣ ਜਾਣ ਕਾਰਨ ਪ੍ਰਧਾਨ ਮੰਤਰੀ ਹਵਾਈ ਮਾਰਗ ਰਾਹੀਂ ਮੰਡੀ ਪੁੱਜ ਗਏ, ਜਿਸ ਉਪਰੰਤ ਕਿਸਾਨ ਆਪੋ ਆਪਣੇ ਘਰਾਂ ਨੂੰ ਚਲੇ ਗਏ।