ਪਟਿਆਲਾ: ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ ਗਿਆ ਜ਼ਿਲ੍ਹਾ ਪਟਿਆਲਾ ਦੀ ਪੁਲੀਸ ਚੌਕੀ ਜਨਸੂਆ ਦਾ ਥਾਣੇਦਾਰ ਹਰਨੇਕ ਸਿੰਘ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਪੁਲੀਸ ਵੱਲੋਂ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਦੇ ਹੁਕਮਾਂ ’ਤੇ ਕੀਤੀ ਗਈ ਹੈ। ਉਕਤ ਥਾਣੇਦਾਰ ’ਤੇ ਨਾਜਾਇਜ਼ ਖਣਨ ਮਾਮਲੇ ’ਚ ਜ਼ਬਤ ਕੀਤੀ ਪੋਕਲੇਨ ਮਸ਼ੀਨ ਤੇ ਦੋ ਟਿੱਪਰਾਂ ਦੀ ਮਾਲਕੀ ਤਸਦੀਕ ਕਰਵਾਉਣ ਸਬੰਧੀ ਮਸ਼ੀਨ ਦੇ ਮਾਲਕ ਕੋਲੋਂ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਥਾਣਾ ਸਦਰ ਰਾਜਪੁਰਾ ਦੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਅੱਜ ਮੁਲਜ਼ਮ ਦਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਹੈ ਜਦਕਿ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਹੋਣ ਦੇ ਚੱਲਦਿਆਂ ਉਸ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। -ਖੇਤਰੀ ਪ੍ਰਤੀਨਿਧ