ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਹੁਣੇ ਜਿਹੇ ਹੁਸ਼ਿਆਰਪੁਰ ਦੇ ਐੱਸਐੱਸਪੀ ਦੇ ਕੀਤੇ ਗਏ ਤਬਾਦਲੇ ’ਤੇ ਹੈਰਾਨੀ ਜ਼ਾਹਿਰ ਕੀਤੀ ਹੈ। ਕਾਦੀਆਂ ਤੋਂ ਵਿਧਾਇਕ ਨੇ ਇੱਕ ਟਵੀਟ ’ਚ ਕਿਹਾ, ‘ਆਮ ਆਦਮੀ ਪਾਰਟੀ ਆਪਣਾ ਬਦਲਾਅ ਦਾ ਵਾਅਦਾ ਪੂਰਾ ਕਰਨ ਦੀ ਥਾਂ ਇੱਕ ਅਫਸਰ ਨੂੰ ਬਦਲੀ ਨਾਲ ਨਿਵਾਜਿਆ ਹੈ। 1.53 ਕਰੋੜ ਰੁਪਏ ਬਰਾਮਦ ਕਰਨ ਅਤੇ ਰੇਤ ਖਣਨ ਮਾਫੀਆ ਦਾ ਪਰਦਾਫਾਸ਼ ਕਰਨ ਮਗਰੋਂ ਹੁਸ਼ਿਆਰਪੁਰ ਦੇ ਐੱਸਐੱਸਪੀ ਦਾ ਤਬਾਦਲਾ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੀ ਹੈਰਾਨ ਕਰਨ ਵਾਲੀ ਕਾਰਵਾਈ।’
ਇਸ ਸਬੰਧੀ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਸ਼ਿਆਰਪੁਰ ਦੇ ਐੱਸਐੱਸਪੀ ਨਿੰਬਲੇ ਦਾ ਤਬਾਦਲਾ ਕਰ ਦਿੱਤਾ ਜਿਸ ਨੇ ਖਣਨ ਮਾਫੀਆ ਖ਼ਿਲਾਫ਼ ਕੇਸ ਦਰਜ ਕਰਨ ਦੀ ਹਿੰਮਤ ਦਿਖਾਈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਪੰਜਾਬ ਸਰਕਾਰ ਨੇ 13 ਜ਼ਿਲ੍ਹਾ ਪੁਲੀਸ ਮੁਖੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ ’ਚ ਹੁਸ਼ਿਆਰਪੁਰ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਵੀ ਸ਼ਾਮਲ ਹੈ। ਉਨ੍ਹਾਂ ਆਪਣੇ ਤਬਾਦਲੇ ਤੋਂ ਇੱਕ ਹਫ਼ਤਾ ਪਹਿਲਾਂ ਹੀ ਖਣਨ ਮਾਫੀਆ ਦੇ ਇੱਕ ਗੈਂਗ ਦਾ ਪਰਦਾਫਾਸ਼ ਕਰਦਿਆਂ 1.53 ਕਰੋੜ ਰੁਪਏ ਬਰਾਮਦ ਕੀਤੇ ਸਨ।