ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 3 ਅਗਸਤ
‘ਪੰਜਾਬੀ ਟ੍ਰਿਬਿਊਨ’ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਵੱਲੋਂ ਸ਼ਹਿਰ ਦੀ ਪਵਿੱਤਰਤਾ ਨੂੰ ਭੰਗ ਕਰਨ ਸਬੰਧੀ ਪ੍ਰਕਾਸ਼ਿਤ ਹੋਈ ਖ਼ਬਰ ਤੋਂ ਬਾਅਦ ਪੰਜਾਬ ਪੁਲੀਸ ਹਰਕਤ ਵਿੱਚ ਆ ਗਈ। ਪੁਲੀਸ ਨੇ ਇਸ ਸਬੰਧੀ ਕਾਰਵਾਈ ਆਰੰਭਦਿਆਂ ਸੋਮਵਾਰ ਨੂੰ ਤੜਕਸਾਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਜਾਰੀ ਵਿੱਚ ਛਾਪੇ ਮਾਰ ਕੇ ਸਾਢੇ ਤਿੰਨ ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ।
ਛਾਪੇ ਦੀ ਪੁਸ਼ਟੀ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਦੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਤੜਕਸਾਰ ਸਥਾਨਕ ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਪਿੰਡ ਮਜਾਰੀ ਵਿਖੇ ਛਾਪਾ ਮਾਰਿਆ ਗਿਆ ਜਿਸ ਦੌਰਾਨ ਸਾਢੇ ਤਿੰਨ ਹਜ਼ਾਰ ਲਿਟਰ ਦੇਸੀ ਸ਼ਰਾਬ ਅਤੇ ਉਸ ਨੂੰ ਬਣਾਉਣ ਵਾਲੀਆਂ ਭੱਠੀਆਂ, ਡਰੰਮ ਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ। ਉਥੇ ਹੀ ਇਸ ਸਬੰਧ ਵਿੱਚ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਡੀਐੱਸਪੀ ਨੇ ਦੱਸਿਆ ਕਿ ਜਿੱਥੇ ਪਹਿਲੇ ਪੜਾਅ ਵਿੱਚ ਸ੍ਰੀ ਆਨੰਦਪੁਰ ਸਾਹਿਬ, ਨੰਗਲ ਕੀਰਤਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਛੇ ਦਰਜਨ ਪੁਲੀਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਵੱਖ ਵੱਖ ਥਾਵਾਂ ਉੱਤੇ ਛਾਪੇ ਮਾਰੇ ਗਏ ਹਨ ਅਤੇ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਤੇ ਇਸ ਕਾਰੋਬਾਰ ’ਚ ਲੱਗੇ ਵਿਅਕਤੀਆਂ ਨੂੰ ਫੜਿਆ ਹੈ ਉੱਥੇ ਹੀ ਹੁਣ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਅੰਦਰ ਵੀ ਸਖ਼ਤੀ ਨਾਲ ਪਹਿਰਾ ਦਿੰਦੇ ਹੋਏ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਨੱਪਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।