ਜਗਮੋਹਨ ਸਿੰਘ
ਰੂਪਨਗਰ/ਘਨੌਲੀ, 27 ਦਸੰਬਰ
ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰ ਪੰਜਾਬ ਦੇ ਕਿਸਾਨਾਂ ਵਿੱਚ ਨਰਿੰਦਰ ਮੋਦੀ ਪ੍ਰਤੀ ਰੋਸ ਘਟਿਆ ਨਹੀਂ ਹੈ। ਇਸ ਦੀ ਤਾਜ਼ਾ ਮਿਸਾਲ ਅੱਜ ਉਦੋਂ ਦੇਖਣ ਨੂੰ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਮੀ ਮਾਰਗ 205 ਤੋਂ ਵਾਇਆ ਰੂਪਨਗਰ -ਕੀਰਤਪੁਰ ਸਾਹਿਬ ਹੋ ਕੇ ਹਿਮਾਚਲ ਪ੍ਰਦੇਸ਼ ਦੇ ਕਸਬਾ ਮੰਡੀ ਪੁੱਜਣ ਦੀ ਭਿਣਕ ਮਿਲਣ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਕਾਲੀਆਂ ਝੰਡੀਆਂ ਬਣਾਉਣ ਦਾ ਪ੍ਰੋਗਰਾਮ ਉਲੀਕ ਲਿਆ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਤੋਂ ਹਵਾਈ ਮਾਰਗ ਰਾਹੀਂ ਮੰਡੀ ਪੁੱਜਣਾ ਸੀ, ਪਰ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੇ ਜਹਾਜ਼ ਨੂੰ ਚੰਡੀਗੜ੍ਹ ਉਤਰਨਾ ਪਿਆ ਤੇ ਇੱਥੋਂ ਉਨ੍ਹਾਂ ਦਾ ਸੜਕ ਰਸਤੇ ਰਾਹੀਂ ਜਾਣ ਦਾ ਪ੍ਰੋਗਰਾਮ ਬਣ ਗਿਆ। ਇਸ ਦੇ ਸਬੰਧ ਵਿੱਚ ਸੜਕ ’ਤੇ ਸਵੇਰੇ ਹੀ ਭਾਰੀ ਗਿਣਤੀ ਵਿੱਚ ਪੁਲੀਸ ਵੀ ਤਾਇਨਾਤ ਕਰ ਦਿੱਤੇ ਗਏ। ਮੋਰਚੇ ਵੱਲੋਂ ਬਲਾਕ ਨੂਰਪੁਰ ਬੇਦੀ ਦੇ ਪ੍ਰਧਾਨ ਵੀਰ ਸਿੰਘ ਦੀ ਅਗਵਾਈ ਅਧੀਨ ਭਰਤਗੜ੍ਹ ਤੋਂ ਲੈ ਕੇ ਸ਼੍ਰੀ ਕੀਰਤਪੁਰ ਸਾਹਿਬ ਤੱਕ ਸੜਕ ਦੇ ਕਿਨਾਰੇ ਸਥਿਤ ਦੁਕਾਨਾਂ ਵਿੱਚ ਆਪਣੀ ਜਥੇਬੰਦੀ ਦੇ ਮੈਂਬਰਾਂ ਨੂੰ ਛੁਪਾ ਕੇ ਬਿਠਾ ਦਿੱਤਾ ਗਿਆ ਤਾਂ ਕਿ ਪ੍ਰਧਾਨ ਮੰਤਰੀ ਦਾ ਕਾਫਲਾ ਆਉਂਦੇ ਸਾਰ ਉਹ ਇਕਦਮ ਸੜਕ ’ਤੇ ਆ ਕੇ ਕਾਲੀਆਂ ਝੰਡੀਆਂ ਦਿਖਾ ਸਕਣ।
ਕਿਰਤੀ ਕਿਸਾਨ ਮੋਰਚੇ ਤੋਂ ਇਲਾਵਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆਨੰਦਪੁਰ ਸਾਹਿਬ ਦੇ ਆਗੂ ਸਮਸ਼ੇਰ ਸਿੰਘ ਸ਼ੇਰਾ ਵੀ ਆਪਣੇ ਕੁਝ ਸਾਥੀਆਂ ਸਮੇਤ ਬੁੰਗਾ ਸਾਹਿਬ ਬੱਸ ਸਟੈਂਡ ਨੇੜੇ ਪੁੱਜ ਗਏ, ਪਰ ਨੈਸ਼ਨਲ ਹਾਈਵੇਅ ’ਤੇ ਤਾਇਨਾਤ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਕੌਮੀ ਮਾਰਗ ਤੋਂ ਖਦੇੜ ਦਿੱਤਾ।