ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਜੂਨ
ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਲਈ ਅੱਜ ਪਟਿਆਲਾ ਪੁਲੀਸ ਨੇ ਜ਼ਿਲ੍ਹੇ ਭਰ ’ਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ। ਇਸ ਦੌਰਾਨ ਜ਼ਿਲ੍ਹੇ ਭਰ ਦੇ ਥਾਣਿਆਂ ਅਤੇ ਚੌਕੀਆਂ ਦੇ ਪੱਧਰ ’ਤੇ ਨਾਕੇ ਲਾ ਕੇ ਜਿੱਥੇ ਲੋਕਾਂ ਨੂੰ ਮਾਸਕ ਪਹਿਨਾਏ, ਉਥੇ ਹੀ ਲੋਕਾਂ ਦੇ ਮੋਬਾਈਲ ਫੋਨਾਂ ਵਿੱਚ ‘ਕੋਵਾ’ ਐਪ ਵੀ ਡਾਊਨਲੋਡ ਕਰਵਾਈ ਗਈ। ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਤਿਆਤ ਵਰਤ ਕੇ ਕੋਵਿਡ-19 ਦੀ ਮਹਾਮਾਰੀ ਤੋਂ ਬਚਣ ਲਈ ਮਿਸ਼ਨ ਫ਼ਤਿਹ ਦਾ ਸਾਥ ਦੇਣ। ਪੁਲੀਸ ਮੁਖੀ ਨੇ ਦੱਸਿਆ ਕਿ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਹੁਣ ਤੱਕ ਜ਼ਿਲ੍ਹਾ ਪੁਲੀਸ ਵੱਲੋਂ ਬਿਨਾਂ ਮਾਸਕ ਤੋਂ 4698 ਲੋਕਾਂ ਦੇ ਚਲਾਨ ਕਰਕੇ 17.74 ਲੱਖ ਦੇ ਜੁਰਮਾਨੇ ਕੀਤੇ ਗਏ ਹਨ। ਹੋਮ ਕੁਆਰੰਟਾਈਨ ਦੀ ਉਲੰਘਣਾ ਕਰਨ ਵਾਲੇ ਦੋ ਜਣਿਆਂ ਨੂੰ 4000 ਰੁਪਏ ਜੁਰਮਾਨਾ ਅਤੇ ਜਨਤਕ ਥਾਵਾਂ ’ਤੇ ਥੁੱਕਣ ਵਾਲੇ 74 ਜਣਿਆਂ ਦੇ ਚਲਾਨ ਕਰਕੇ ਉਨ੍ਹਾਂ ਨੂੰ 13500 ਰੁਪਏ ਜੁਰਮਾਨਾ ਕੀਤਾ ਗਿਆ ਹੈ।