ਹਰਜੀਤ ਸਿੰਘ
ਜ਼ੀਰਕਪੁਰ, 28 ਅਕਤੂਬਰ
ਪੰਜਾਬ ਪੁਲੀਸ ਨੇ ਅੱਜ ਇਥੋਂ ਦੇ ਪਿੰਡ ਛੱਤ ਤੋਂ ਬੰਬੀਹਾ ਗਰੁੱਪ ਦੇ ਚਾਰ ਸ਼ੂਟਰ ਕਾਬੂ ਕੀਤੇ ਹਨ। ਇਨ੍ਹਾਂ ’ਚੋਂ ਦੋ ਮੁਲਜ਼ਮ ਉੱਤਰਾਖੰਡ ਵਿੱਚ ਬੀਤੇ ਦਿਨੀਂ ਹੋਈ ਮਾਈਨਿੰਗ ਵਪਾਰੀ ਦੀ ਹੱਤਿਆ ਵਿੱਚ ਸ਼ਾਮਲ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 13 ਅਕਤੂਬਰ ਨੂੰ ਉੱਤਰਾਖੰਡ ਦੇ ਕਾਸ਼ੀਪੁਰ ਇਲਾਕੇ ਦੇ ਕੁੰਡੇਸ਼ਵਰੀ ਪਿੰਡ ਵਿੱਚ ਮਾਈਨਿੰਗ ਵਪਾਰੀ ਮਹਿਲ ਸਿੰਘ (70) ਦੀ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ, ਜਿਸ ਸਬੰਧੀ ਅੱਜ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ), ਕਾਊਂਟਰ ਇੰਟੈਲੀਜੈਂਸ (ਸੀਆਈ) ਪੰਜਾਬ, ਜ਼ਿਲ੍ਹਾ ਪੁਲੀਸ ਊਧਮ ਸਿੰਘ ਨਗਰ (ਉੱਤਰਾਖੰਡ), ਸਪੈਸ਼ਲ ਸੈੱਲ ਦਿੱਲੀ ਅਤੇ ਜ਼ਿਲ੍ਹਾ ਪੁਲੀਸ ਐੱਸਏਐੱਸ ਨਗਰ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਅਪ੍ਰੇਸ਼ਨ ਦੌਰਾਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸਾਧੂ ਸਿੰਘ, ਜਗਦੀਸ਼ ਸਿੰਘ ਉਰਫ਼ ਦੀਸ਼ਾ, ਮਨਪ੍ਰੀਤ ਸਿੰਘ ਉਰਫ਼ ਮਨੀ, ਜਸਪ੍ਰੀਤ ਸਿੰਘ ਸਾਰੇ ਵਾਸੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਉਨ੍ਹਾਂ ਕੋਲੋਂ .30 ਬੋਰ ਪਿਸਤੌਲ ਸਮੇਤ ਦੋ ਮੈਗਜ਼ੀਨ ਅਤੇ ਸੱਤ ਕਾਰਤੂਸ, 9 ਐੱਮਐੱਮ ਪਿਸਤੌਲ ਸਮੇਤ ਇੱਕ ਮੈਗਜ਼ੀਨ, ਤੁਰਕੀ ਦੀ ਬਣੀ 9 ਐੱਮਐੱਮ ਮਸ਼ੀਨ ਪਿਸਟਲ ਸਣੇ 31 ਕਾਰਤੂਸਾਂ ਦੀ ਸਮਰੱਥਾ ਵਾਲੀ ਮੈਗਜ਼ੀਨ ਅਤੇ ਹੋਰ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿੱਚ ਧਾਰਾ 392, 384, 473, 120ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(7) ਅਤੇ (8) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਸਾਧੂ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ ਦੇ ਕਹਿਣ ’ਤੇ ਮਾਈਨਿੰਗ ਵਪਾਰੀ ਮਹਿਲ ਸਿੰਘ ਦਾ ਕਤਲ ਕੀਤਾ ਸੀ ਜਦੋਂਕਿ ਗ੍ਰਿਫਤਾਰ ਕੀਤੇ ਗਏ ਹੋਰ ਦੋ ਮੁਲਜ਼ਮਾਂ ਨੇ ਉਨ੍ਹਾਂ ਨੂੰ ਹਥਿਆਰ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਸਮੇਤ ਵਪਾਰੀ ਦੇ ਘਰ ਦੀ ਰੇਕੀ ਕੀਤੀ ਸੀ।