ਹਤਿੰਦਰ ਮਹਿਤਾ/ਬਲਵਿੰਦਰ ਸਿੰਘ ਭੰਗੂ
ਆਦਮਪੁਰ ਦੋਆਬਾ/ਭੋਗਪੁਰ, 1 ਨਵੰਬਰ
ਜਲੰਧਰ ਦੀ ਦਿਹਾਤੀ ਪੁਲੀਸ ਤੇ ਦਿੱਲੀ ਪੁਲੀਸ ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਦੌਰਾਨ ਪਿੰਡ ਚੱਕਝੰਡੂ ਨੇੜੇ 5 ਗੈਂਗਸਟਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਇੱਕ ਪਿਸਤੌਲ, ਤਿੰਨ ਰੌਂਦ (ਚੱਲੇ) ਤੇ ਚਾਰ ਅਣਚੱਲੇ ਰੌਂਦ, ਦੋ ਰਿਵਾਲਰ 32 ਬੋਰ, 6 ਰੌਂਦ ਅਤੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ।
ਪੁਲੀਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਐੱਸਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਤੇ ਡੀਐੱਸਪੀ ਸਰਬਜੀਤ ਸਿੰਘ ਰਾਏ ਦੀ ਅਗਵਾਈ ਹੇਠ ਦਿੱਲੀ ਪੁਲੀਸ ਨਾਲ ਮਿਲ ਕੇ ਪਿੰਡ ਚੱਕਝੰਡੂ ’ਚ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਲੌਰ ਦੇ ਥਾਣਾ ਮੁਖੀ ਸੁਰਿੰਦਰ ਕੁਮਾਰ ਨੂੰ ਇਤਲਾਹ ਮਿਲੀ ਸੀ ਕਿ ਦਿੱਲੀ ਪੁਲੀਸ ਜਿਹੜੇ ਗੈਂਗਸਟਰਾਂ ਦੀ ਭਾਲ ਕਰ ਰਹੀ ਹੈ, ਉਹ ਆਦਮਪੁਰ-ਭੋਗਪੁਰ ਸੜਕ ’ਤੇ ਸਥਿਤ ਐੱਚਪੀ ਪਟਰੋਲ ਪੰਪ ਦੇ ਪਿੱਛੇ ਬਣੇ ਮਕਾਨ ’ਚ ਰਹਿ ਰਹੇ ਹਨ। ਇਸ ਤੋਂ ਬਾਅਦ ਸੁਰਿੰਦਰ ਕੁਮਾਰ ਨੇ ਦਿੱਲੀ ਪੁਲੀਸ ਨਾਲ ਤਾਲਮੇਲ ਕਰਕੇ ਉਕਤ ਥਾਂ ’ਤੇ ਛਾਪਾ ਮਾਰਿਆ ਤਾਂ 6 ਨੌਜਵਾਨ ਗੋਲੀਆਂ ਚਲਾਉਂਦੇ ਹੋਏ ਕਮਾਦ ਦੇ ਖੇਤਾਂ ’ਚ ਵੜ ਗਏ ਜਿਸ ਕਾਰਨ ਪੁਲੀਸ ਵੱਲੋਂ ਵੀ ਗੋਲੀ ਚਲਾਈ ਗਈ। ਬਾਅਦ ਵਿੱਚ ਮੌਕੇ ’ਤੇ ਹੋਰ ਪੁਲੀਸ ਮੰਗਵਾ ਕੇ ਖੇਤਾਂ ਦੀ ਤਲਾਸ਼ੀ ਸ਼ੁਰੂ ਕੀਤੀ ਗਈ। ਥੋੜ੍ਹੇ ਸਮੇਂ ਵਿੱਚ ਹੀ ਹੋਰ ਪੁਲੀਸ ਸਟੇਸ਼ਨਾਂ ਦੀ ਪੁਲੀਸ, ਸੀਆਈਏ ਸਟਾਫ ਦੇ ਪਹੁੰਚਣ ਤੋਂ ਬਾਅਦ ਡਰੋਨ, ਰੱਸੇ, ਦੂਰਬੀਨਾਂ ਦੀ ਸਹਾਇਤਾ ਨਾਲ 5 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ। ਇਹ ਲਖਵੀਰ ਸਿੰਘ ਲੰਡਾ ਗੈਂਗ ਦੇ ਮੈਂਬਰ ਹਨ ਜੋ ਵਿਦੇਸ਼ ’ਚ ਰਹਿ ਕੇ ਗੈਂਗ ਚਲਾ ਰਿਹਾ ਹੈ। ਇਨ੍ਹਾਂ ਦਾ ਇੱਕ ਸਾਥੀ ਖ਼ਬਰ ਲਿਖੇ ਜਾਣ ਤੱਕ ਖੇਤਾਂ ’ਚ ਲੁਕਿਆ ਹੋਇਆ ਹੈ ਜਿਸ ਦੀ ਭਾਲ ਜਾਰੀ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ ਨਾਨੂ ਵਾਸੀ ਮੱਲਿਆ, ਸੰਦੀਪ ਕੁਮਾਰ ਉਰਫ ਸਾਬੀ ਵਾਸੀ ਧੀਰਪੁਰ, ਗੁਰਬੀਰ ਸਿੰਘ ਉਰਫ ਗਿੰਨੀ ਵਾਸੀ ਖੁਰਦਪੁਰ, ਮਨਪ੍ਰੀਤ ਸਿੰਘ ਉਰਫ ਮੰਨ ਵਾਸੀ ਧੁੰਨਕ ਕਲਾਂ ਤੇ ਲਵਪ੍ਰੀਤ ਸਿੰਘ ਉਰਫ ਚੀਨੀ ਵਾਸੀ ਧੁੰਨਕ ਕਲਾਂ ਵਜੋਂ ਹੋਈ ਹੈ।
ਦੋ ਗੈਂਗਸਟਰ ਤੇ ਤਿੰੰਨ ਸਾਥੀ ਕਾਬੂ
ਬਟਾਲਾ (ਹਰਜੀਤ ਸਿੰਘ ਪਰਮਾਰ): ਪੁਲੀਸ ਜ਼ਿਲ੍ਹਾ ਬਟਾਲਾ ਦੇ ਸੀਆਈਏ ਸਟਾਫ ਅਤੇ ਥਾਣਾ ਫਤਹਿਗੜ੍ਹ ਚੂੜ੍ਹੀਆਂ ਦੀ ਪੁਲੀਸ ਨੇ ਅੱਜ ਦੋ ਗੈਂਗਸਟਰਾਂ ਨੂੰ ਤਿੰਨ ਪਿਸਤੌਲਾਂ ਤੇ ਰੌਂਦਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਮੁਹਿੰਮ ਦੌਰਾਨ ਗੈਂਗਸਟਰਾਂ ਦੀ ਮਦਦ ਕਰਨ ਵਾਲੇ ਉਨ੍ਹਾਂ ਦੇ ਦੋ ਸਾਥੀਆਂ ਅਤੇ ਇੱਕ ਨੌਜਵਾਨ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਫਤਹਿਗੜ੍ਹ ਚੂੜ੍ਹੀਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ। ਐੱਸਪੀ (ਡੀ) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਫਤਹਿਗੜ੍ਹ ਚੂੜ੍ਹੀਆਂ ਦੀ ਅਗਵਾਈ ਹੇਠ ਸੀਆਈਏ ਸਟਾਫ ਤੇ ਪੁਲੀਸ ਦੀਆਂ ਟੀਮਾਂ ਨੇ ਅੱਜ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਦੇਹੜ ਅਤੇ ਪੀਟਰ ਮਸੀਹ ਵਾਸੀ ਦੇਹੜ ਨੂੰ ਪਿੰਡ ਪੰਨਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ 3 ਜਨਵਰੀ 2022 ਨੂੰ ਇਨ੍ਹਾਂ ਮੁਲਜ਼ਮਾਂ ਨੇ ਪਿੰਡ ਦੇਹੜ ਦੇ ਸਰਪੰਚ ਹਰਵਿੰਦਰ ਸਿੰਘ ਤੇ ਉਸ ਦੇ ਭਤੀਜੇ ਦਿਲਪ੍ਰੀਤ ਸਿੰਘ ’ਤੇ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਹਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ। ਇਸ ਸਬੰਧੀ ਥਾਣਾ ਕੋਟਲੀ ਸੂਰਤ ਮੱਲ੍ਹੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੀਤੀ ਗਈ ਪੁੱਛ-ਪੜਤਾਲ ਦੇ ਆਧਾਰ ’ਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਚੈਨ ਸਿੰਘ ਉਰਫ ਲੱਲਾ ਵਾਸੀ ਸੰਗਤੂਵਾਲ ਅਤੇ ਪ੍ਰਕਾਸ਼ ਮਸੀਹ ਵਾਸੀ ਸਾਹਸਮਸ਼ ਨੂੰ ਉਨ੍ਹਾਂ ਦੀ ਮਦਦ ਕਰਨ ਤੇ ਗੁਰਪ੍ਰਤਾਪ ਸਿੰਘ ਵਾਸੀ ਪੰਨਵਾਂ ਨੂੰ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।