ਗੁਰਬਖਸ਼ਪੁਰੀ
ਤਰਨ ਤਾਰਨ, 11 ਅਗਸਤ
ਜ਼ਹਿਰੀਲੀ ਸ਼ਰਾਬ ਕਾਂਡ ਦੌਰਾਨ ਯਤੀਮ ਹੋਏ ਚਾਰ ਭੈਣ-ਭਰਾਵਾਂ ਦੇ ਭਵਿੱਖ ਦਾ ਫ਼ੈਸਲਾ ਲੈਂਦਿਆਂ ਜ਼ਿਲ੍ਹਾ ਬਾਲ ਭਲਾਈ ਕਮੇਟੀ ਨੇ ਤਿੰਨ ਬੱਚਿਆਂ ਨੂੰ ਉਨ੍ਹਾਂ ਦੀ ਰਿਸ਼ਤੇਦਾਰੀ ਵਿਚੋਂ ਦੋ ਚਾਚਿਆਂ ਨੂੰ ਸੌਂਪ ਦਿੱਤਾ ਹੈ ਤੇ ਵੱਡੇ 13 ਸਾਲ ਦੇ ਬੱਚੇ ਨੂੰ ਪੰਜਾਬ ਸਰਕਾਰ ਦੇ ਪ੍ਰਬੰਧਾਂ ਅਧੀਨ ਚੱਲਦੇ ਬਾਲ ਘਰ ਹੁਸ਼ਿਆਰਪੁਰ ਭੇਜਿਆ ਜਾਵੇਗਾ। ਇੱਥੋਂ ਦੀ ਗੋਕਲਪੁਰ ਅਬਾਦੀ ਵਿਚ ਕਿਰਾਏ ’ਤੇ ਰਹਿੰਦੇ 30 ਸਾਲਾ ਰਿਕਸ਼ਾ ਚਾਲਕ ਸੁਖਦੇਵ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ ਤੇ ਉਸ ਦੀ ਪਤਨੀ ਜਯੋਤੀ ਸਦਮੇ ਨਾਲ ਦਮ ਤੋੜ ਗਈ ਸੀ। ਇਸ ਨਾਲ ਉਨ੍ਹਾਂ ਦੇ ਚਾਰ ਬੱਚੇ ਕਰਨਬੀਰ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਯਤੀਮ ਹੋ ਗਏ ਸਨ| ਇਨ੍ਹਾਂ ਬੱਚਿਆਂ ਦੇ ਭਵਿੱਖ ਦੇ ਫ਼ੈਸਲੇ ਲਈ ਅੱਜ ਇੱਥੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੀ ਮੀਟਿੰਗ ਹੋਈ| ਕਮੇਟੀ ਦੇ ਚੇਅਰਮੈਨ ਡਾ. ਦਿਨੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸੰਦੀਪ ਸਿੰਘ ਤੇ ਅਰਸ਼ਦੀਪ ਸਿੰਘ ਦੀ ਸੰਭਾਲ ਦਾ ਜ਼ਿੰਮਾ ਉਨ੍ਹਾਂ ਦੇ ਚਾਚਾ ਮੇਵਾ ਸਿੰਘ ਵਾਸੀ ਪੰਡੋਰੀ ਤਖਤਮਲ ਤੇ ਗੁਰਪ੍ਰੀਤ ਸਿੰਘ ਦੀ ਸੰਭਾਲ ਦਾ ਜ਼ਿੰਮਾ ਦੂਜੇ ਚਾਚਾ ਸਤਨਾਮ ਸਿੰਘ ਨੇ ਲਿਆ। ਕਰਨਬੀਰ ਸਿੰਘ ਨੂੰ ਬਾਲਘਰ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਅਕਾਲੀ ਦਲ ਵੱਲੋਂ ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ 14 ਨੂੰ
ਸ਼੍ਰੋਮਣੀ ਅਕਾਲੀ ਦਲ ਨੇ ਸਰਹੱਦੀ ਖੇਤਰ ’ਚ ਹਾਕਮ ਧਿਰ ਦੇ ਚੋਟੀ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਨਾਜਾਇਜ਼ ਸ਼ਰਾਬ ਕੱਢਣ ਦਾ ਦੋਸ਼ ਲਗਾਉਂਦਿਆਂ 14 ਅਗਸਤ ਨੂੰ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਪਿੰਡ ਮਹਿਮੂਦਪੁਰ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ| ਜ਼ਿਲ੍ਹਾ ਪ੍ਰਧਾਨ ਵਿਰਸਾ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ੍ਰੀ ਵਲਟੋਹਾ ਨੇ ਕਿਹਾ ਕਿ 14 ਅਗਸਤ ਨੂੰ ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ ਕਰ ਕੇ ਪੁਲੀਸ ਨੂੰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾਵੇਗਾ।