ਪੱਤਰ ਪ੍ਰੇਰਕ
ਅਬੋਹਰ, 14 ਸਤੰਬਰ
ਪਿੰਡ ਕੰਧਵਾਲਾ ਅਮਰਕੋਟ ਵਾਸੀ ਨੌਜਵਾਨ ਦੀ ਜ਼ਹਿਰੀਲੀ ਵਸਤੂ ਨਿਗਲਣ ਕਾਰਨ ਮੌਤ ਹੋ ਗਈ। ਥਾਣਾ ਬਹਾਵਵਾਲਾ ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ-174 ਦੀ ਕਾਰਵਾਈ ਕਰਦੇ ਹੋਏ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਰਵਿੰਦਰ ਸਿੰਘ (22) ਪੁੱਤਰ ਹਰਜਿੰਦਰ ਸਿੰਘ ਦੇ ਮਾਮਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਾਣਜਾ ਨਸ਼ੇ ਕਰਨ ਲੱਗ ਪਿਆ ਸੀ। ਕੁੱਝ ਦਿਨਾਂ ਤੋਂ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਉਸ ਨੂੰ ਨਸ਼ਾ ਨਹੀਂ ਸੀ ਮਿਲ ਰਿਹਾ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਸੀ। ਉਸ ਦੀ ਸਿਹਤ ਵਿਗੜਨ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।