ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਸਤੰਬਰ
ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਵੱਲੋਂ ਅੱਜ ਪੰਜਾਬੀ ਦੇ ਗ਼ਜ਼ਲਗੋ ਅਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਸੁਰਜੀਤ ਜੱਜ ਦੀ ਨਵੀਂ ਕਾਵਿ ਪੁਸਤਕ ‘ਕਿਸਾਨ ਕੂਚ’ ਫਗਵਾੜਾ ਵਿੱਚ ਰਿਲੀਜ਼ ਕੀਤੀ ਗਈ। ਇਹ ਕਾਵਿ ਪੁਸਤਕ ਕਿਸਾਨੀ ਅੰਦੋਲਨ ਦੀ ਸੰਘਰਸ਼ੀ ਗਾਥਾ ਹੈ, ਜੋ ਧਰਤੀ ਅਤੇ ਲੋਕਾਂ ਨਾਲ ਸ਼ਿੱਦਤ ਨਾਲ ਜੁੜੀ ਹੋਈ ਹੈ। ਇਹ ਪੁਸਤਕ ਸਮਕਾਲੀ ਪੰਜਾਬੀ ਕਵਿਤਾ ਨੂੰ ਮੁੜ ਤੋਂ ਲੋਕ ਸਰੋਕਾਰਾਂ ਨਾਲ ਜੋੜਦੀ ਹੋਈ ਪੰਜਾਬੀ ਕਵਿਤਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ। ਪੁਸਤਕ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਸੀਨੀਅਰ ਪੱਤਰਕਾਰ, ਕਹਾਣੀਕਾਰ ਤੇ ਨਾਵਲਕਾਰ ਕੁਲਦੀਪ ਸਿੰਘ ਬੇਦੀ ਤੇ ਪ੍ਰਸਿੱਧ ਆਲੋਚਕ ਲਾਭ ਸਿੰਘ ਖੀਵਾ ਨੇ ਕੀਤੀ। ਇਸ ਮੌਕੇ ਸੁਖਦੇਵ ਸਿਰਸਾ, ਡਾ. ਸਰਬਜੀਤ ਸਿੰਘ, ਜਸਪਾਲ ਮਾਨਖੇੜਾ, ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਕੌਰ, ਗੁਰਮੇਲ ਸਿੰਘ, ਭਗਵੰਤ ਰਸੂਲਪੁਰੀ, ਤਰਲੋਚਨ ਝਾਂਡੇ ਤੇ ਮੱਖਣ ਮਾਨ ਹਾਜ਼ਰ ਸਨ। ਸ੍ਰੀ ਸਿਰਸਾ ਨੇ ਕਿਹਾ ਕਿ ‘ਕਿਸਾਨ ਕੂਚ’ ਕਿਰਸਾਨੀ ਜਗਤ ਦਾ ਕਾਵਿਕ ਦਸਤਾਵੇਜ਼ ਹੈ। ਡਾ. ਸਰਬਜੀਤ ਨੇ ਕਿਹਾ ਕਿ ਸੁਰਜੀਤ ਲੋਕ ਸੰਘਰਸ਼ਾਂ ਨੂੰ ਪ੍ਰਣਾਇਆ ਹੋਇਆ ਕਵੀ ਹੈ ਅਤੇ ਇਸੇ ਲਈ ਉਹ ਪੰਜਾਬ ਦੇ ਸੱਭਿਆਚਾਰਕ ਮੁਹਾਵਰੇ ਵਿੱਚ ਗੱਲ ਕਰਦਾ ਹੈ। ਗੁਲਜ਼ਾਰ ਪੰਧੇਰ ਨੇ ਕਿਹਾ ਪ੍ਰਗੀਤਕ ਅੰਦਾਜ਼ ਵਾਲੀਆਂ ਇਹ ਕਵਿਤਾਵਾਂ ਸਾਨੂੰ ਸਮਾਜਿਕ ਸੱਭਿਆਚਾਰ ਨਾਲ ਜੁੜਨ ਬਾਰੇ ਸੋਚਣ ਲਈ ਮਜਬੂਰ ਕਰਦੀਆਂ ਹਨ। ਲਾਭ ਸਿੰਘ ਖੀਵਾ ਦਾ ਵਿਚਾਰ ਸੀ ਕਿ ਇਹ ਕਵਿਤਾਵਾਂ ਪੰਜਾਬ ਦੇ ਸੱਭਿਆਚਾਰ ਅਵਚੇਤਨ ਨੂੰ ਸੁਚੇਤ ਕਰਨ ਵਾਲੀਆਂ ਹਨ। ਕੁਲਦੀਪ ਬੇਦੀ ਦਾ ਮੱਤ ਸੀ ਇਹ ਕਵਿਤਾਵਾਂ ਸਹਿਜੇ ਹੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀਆਂ ਹਨ।