ਬੰਦੇ ਦੀ ਇਕ ਹੋਂਦ ਹੁੰਦੀ ਆ
ਰੁਮਾਂਸ ਚੋਂ ਜ਼ਰਾ ਬਾਹਰ ਨਿਕਲੋਂ
ਤਾਂ ਜਾਣੋ
ਤੁਹਾਡੇ ਹਿੱਸੇ ਦਾ ਅੰਬਰ ਤੇ ਧਰਤ ਵੇਚ ਦਿੱਤੇ ਨੇ
ਮਾਪਿਆਂ ਦੀਆਂ ਉਮੀਦਾਂ
ਨੌਕਰੀ ਲਈ ਦਿੱਤੇ ਪੈਸਿਆਂ ਦੀਆਂ ਗੁੱਥੀਆਂ ‘ਤੇ
ਚੜ੍ਹੀਆਂ ਰਬੜਾਂ ’ਚ ਨਪੀੜੀਆਂ ਗਈਆਂ ਨੇ।
ਭੈਣਾਂ ਲਈ ਕੋਈ ਵੀ ਹੱਥੀਂ ਕੰਮ ਕਰਦੇ ਮੁੰਡੇ ਲੱਭ ਲਓ
ਨਹੀਂ ਤਾਂ ਜੇ ਉਨ੍ਹਾਂ ਨੇ ਆਪ ਪਸੰਦ ਕਰ ਲਏ
ਤਾਂ ਭੈਣਾਂ ਬੇਪਸੰਦ ਹੋ ਜਾਣੀਆਂ ਨੇ
ਤੁਹਾਨੂੰ ਪਤਾ ਨਹੀਂ ਤੁਸੀ ਕਿੰਨੀ ਸੌੜੀ
ਸੋਚ ਲੈ ਕੇ ਜੀਅ ਰਹੇ ਹੋ
ਤੁਹਾਨੂੰ ਪਤਾ ਨਹੀਂ
ਵਕਤ ਦੇ ਕਿਸ ਕਿਨਾਰੇ ’ਤੇ ਲਟਕੇ ਹੋਂ ਤੁਸੀਂ
ਇਹ ਕਿਨਾਰਾ ਕਦੇ ਵੀ ਟੁੱਟ ਸਕਦਾ
ਤੇ ਫਿਰ ਤੁਸੀਂ ਉੱਥੇ ਡਿਗਣਾ
ਜਿੱਥੇ ਕੋਈ ਨਜ਼ਰਾਂ ਤੋਂ ਵੀ ਗਿਰ ਕੇ ਵੀ ਨਹੀਂ ਡਿੱਗਦਾ
ਇਹ ਦੁਨੀਆ ਛੋਟੇ ਛੋਟੇ
ਡਿਕਟੇਟਰਾਂ ਨਾਲ ਭਰ ਗਈ ਹੈ
ਬੰਦੇ ਦੇ ਸਾਹ ਲੈਣ ਲਈ ਕੋਈ ਥਾਂ ਨ੍ਹੀਂ
ਕਵੀਆਂ ਨੂੰ ਆਪਣੀ ਕਿਸੇ ਸਤਰ ਨਾਲ
ਫਾਹਾ ਲੈ ਕੇ ਮਰ ਜਾਣਾ ਚਾਹੀਦੈ
ਤਾਂ ਕਿ ਸਨਮਾਨਾਂ ਨਾਲ ਕੀਤਾ ਜਾਏ ਦਾਹ-ਸਸਕਾਰ
ਇਹ ਇਤਿਹਾਸ ਦਾ ਬੁਰਾ ਦੌਰ ਨਹੀਂ ਏ
ਬੁਰੇ ਦੌਰ ਦੀ ਸ਼ੁਰੂਆਤ ਹੈ
ਕਮ ਸੇ ਕਮ ਆਪਣਾ ਅਗਲਾ ਕਦਮ ਰੱਖਣ ਜੋਗੀ
ਜ਼ਮੀਨ ਲਈ ਤਾਂ ਲੜਿਆ ਜਾ ਸਕਦਾ
ਤੇ ਹੁਣ ਉਹੀ ਲੜੇਗਾ
ਜੋ ਆਪਣੇ ਇਕ ਇਕ ਦਿਨ ਨੂੰ
ਖ਼ੁਦਕੁਸ਼ੀ ਦੀ ਜ਼ਹਿਰ ਵਾਂਗ ਪੀ ਰਿਹਾ ਹੈ।
-ਵਾਹਿਦ