ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਜਾਬੀ ਦੇ ਉੱਘੇ ਕਵੀ, ਕਾਵਿ-ਚਿੰਤਕ ਅਤੇ ਉਤਪਤੀ ਵਿਗਿਆਨੀ ਡਾ. ਗੁਰੂਮੇਲ ਸਿੱਧੂ ਸਦੀਵੀ ਵਿਛੋੜਾ ਦੇ ਗਏ ਹਨ। ਅਮਰੀਕਾ ਵਸਦੇ ਪੰਜਾਬੀ ਮੂਲ ਦੇ ਇਸ ਵਿਗਿਆਨੀ ਨੇ ਜੀਨੈਟਿਕਸ ਦੇ ਖੇਤਰ ਵਿੱਚ ਆਪਣੀ ਖੋਜ ਰਾਹੀਂ ਕੌਮਾਂਤਰੀ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਪੰਜਾਬੀ ਕਵਿਤਾ ਅਤੇ ਕਾਵਿ-ਚਿੰਤਨ ਵਿੱਚ ਨਵਾਂ ਸੰਵਾਦ ਛੇੜਿਆ। ਉਨ੍ਹਾਂ ਦੇ ਕਾਵਿ-ਸੰਗ੍ਰਹਿ- ‘ਦੁਬਿਧਾ’, ‘ਬੇਚੈਨ ਸਦੀ’, ‘ਸਿਫ਼ਰ/ਸਿਫ਼ਰ’, ‘ਸ਼ਬਦਾਂ ਦਾ ਸਫ਼ਰ’ ਅਤੇ ‘ਸੁਰਖੀਆਂ’ ਸਮੇਂ ਸਮੇਂ ਚਰਚਾ ਦਾ ਵਿਸ਼ਾ ਰਹੇ। ਉਨ੍ਹਾਂ ਦੀ ਮਹੱਤਵਪੂਰਨ ਪੁਸਤਕ ‘ਖੁੱਲ੍ਹੀ ਕਵਿਤਾ ਦੇ ਮਾਪਦੰਡ’ ਸਾਹਿਤ-ਸ਼ਾਸਤਰੀ ਚਿੰਤਨ ਨਾਲ ਸਬੰਧਿਤ ਹੈ। ‘ਆਦਿ ਗ੍ਰੰਥ ਤੋਂ ਦਸਮ ਗ੍ਰੰਥ ਤੱਕ: ਅਕਾਦਮਿਕ ਵਿਸ਼ਲੇਸ਼ਣ’ ਪੁਸਤਕ ਵਿੱਚ ਉਨ੍ਹਾਂ ਨੇ ਗੁਰਬਾਣੀ ਅਤੇ ਗੁਰਮਤਿ ਚਿੰਤਨ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਮਨੁੱਖੀ ਜੀਵਨ ਬਾਰੇ- ‘ਇਨਸਾਨੀ ਕਲੋਨਜ਼’ ਨਾਮੀਂ ਵਿਗਿਆਨਕ ਗ੍ਰੰਥ ਪੰਜਾਬੀ ਗਿਆਨ ਸਾਹਿਤ ਦੀ ਝੋਲੀ ਪਾਇਆ। ‘ਗ਼ਦਰ ਦਾ ਦੂਜਾ ਪੱਖ’ ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਉਨ੍ਹਾਂ ਦਾ ਗੰਭੀਰ ਖੋਜ ਗ੍ਰੰਥ ਹੈ। ਗੁਰੂਮੇਲ ਸਿੱਧੂ ਦੀ ਵਾਰਤਕ ਗਿਆਨ-ਉਤੇਜਨਾ ਪੈਦਾ ਕਰਨ ਵਾਲੀ ਹੈ। ਉਨ੍ਹਾਂ ਦੇ ਯਾਤਰਾ ਸੰਸਕਰਣ ਪੱਛਮੀ ਸੱਭਿਅਤਾ, ਯੂਰਪ ਦੇ ਇਤਿਹਾਸਕ ਨਗਰਾਂ, ਕਲਾ ਤੇ ਸੰਸਕ੍ਰਿਤਕ ਕੇਂਦਰਾਂ ਅਤੇ ਵਿਸ਼ਵ ਦੇ ਨਾਮੀ ਲੇਖਕਾਂ, ਕਲਾਕਾਰਾਂ ਦੇ ਘਰਾਂ ਤੇ ਯਾਦਗਾਰਾਂ ਨਾਲ ਜਾਣ-ਪਛਾਣ ਕਰਵਾਉਣ ਦਾ ਸਾਧਨ ਬਣੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਅਤੇ ਸੀਨੀਅਰ ਮੀਤ ਪ੍ਰਧਾਨ ਜੋਗਾ ਸਿੰਘ ਨੇ ਕਿਹਾ ਕਿ ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ ਨਾਲ ਕਲਾ ਅਤੇ ਵਿਗਿਆਨ ਦੇ ਖੇਤਰਾਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕਰਦੀ ਹੈ।