ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਮੁੱਖ ਅੰਸ਼
- ਮਾਮਲੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ: ਮੁੱਖ ਮੰਤਰੀ
- ਘਟਨਾ ਦੀ ਜਾਂਚ ਕਰਵਾਉਣ ਦਾ ਐਲਾਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਸਰਕਾਰ ਵੱਲੋਂ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਹੋਈ ਹੈ| ਉਨ੍ਹਾਂ ਅੱਜ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ| ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਹੋਣ ਦੀ ਗੱਲ ਦੇ ਜਵਾਬ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਵਾਲੀ ਕੋਈ ਗੱਲ ਨਹੀਂ ਹੈ ਅਤੇ ਕਿਸਾਨ ਅੰਦੋਲਨ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ਨਾਲ ਜੋੜਨਾ ਵੀ ਠੀਕ ਨਹੀਂ ਹੈ| ਮੁੱਖ ਮੰਤਰੀ ਚੰਨੀ ਨੇ ਅਫ਼ਸੋਸ ਵੀ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ ਅਤੇ ਜੋ ਵੀ ਹੋਇਆ ਹੈ, ਉਸ ਦੀ ਜਾਂਚ ਕੀਤੀ ਜਾਵੇਗੀ| ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਵਿਚ ਕੋਈ ਖ਼ਤਰਾ ਨਹੀਂ ਸੀ ਅਤੇ ਨਾ ਹੀ ਕੋਈ ਹਮਲਾ ਹੋਇਆ ਹੈ| ਮੁੱਖ ਮੰਤਰੀ ਨੇ ਦੱਸਿਆ ਕਿ ਡੀਜੀਪੀ ਵੱਲੋਂ ਭਾਜਪਾ ਨੂੰ ਅਗਾਊਂ ਸੁਚੇਤ ਕੀਤਾ ਗਿਆ ਸੀ ਕਿ ਬਾਰਿਸ਼ ਤੇ ਅੰਦੋਲਨਾਂ ਕਾਰਨ ਪ੍ਰੋਗਰਾਮ ਰੱਦ ਕਰ ਦਿੱਤੇ ਜਾਣ ਤਾਂ ਠੀਕ ਰਹੇਗਾ| ਚੰਨੀ ਨੇ ਕਿਹਾ ਕਿ ਫ਼ਿਰੋਜ਼ਪੁਰ ਰੈਲੀ ਦੇ ਪ੍ਰਬੰਧਾਂ ਵਿਚ ਕੇਂਦਰੀ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਸੀਮਿਤ ਕੀਤਾ ਹੋਇਆ ਸੀ| ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸੜਕੀ ਰਸਤੇ ਜਾ ਰਹੇ ਸਨ ਤਾਂ ਪੰਜਾਬ ਪੁਲੀਸ ਦੇ ਅਫ਼ਸਰਾਂ ਨੇ ਸੜਕੀ ਜਾਮ ਵਾਲੀ ਜਗ੍ਹਾ ਤੋਂ ਪਹਿਲਾਂ ਹੀ ਕਾਫ਼ਲਾ ਰੋਕ ਕੇ ਜਾਣੂ ਕਰਾ ਦਿੱਤਾ ਸੀ ਅਤੇ ਬਦਲ ਵੀ ਸੁਝਾਏ ਸਨ| ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਹੀ ਵਾਪਸ ਮੁੜਨ ਦਾ ਫ਼ੈਸਲਾ ਲਿਆ| ਚੰਨੀ ਨੇ ਕਿਹਾ ਕਿ ਕਿਸਾਨ ਵੀ ਅਚਨਚੇਤ ਹੀ ਆ ਕੇ ਸੜਕ ’ਤੇ ਬੈਠੇ ਸਨ ਅਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਦਾ ਸੜਕੀ ਰਸਤੇ ਜਾਣ ਦਾ ਪ੍ਰੋਗਰਾਮ ਐਨ ਮੌਕੇ ’ਤੇ ਬਣਿਆ| ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਇਸ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ| ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਟਿੱਪਣੀ ਦੇ ਜਵਾਬ ਵਿਚ ਵੀ ਕਿਹਾ ਕਿ ਇਸ ਮਸਲੇ ’ਤੇ ਬੇਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ ਹੈ|
ਮੁੜ ਪੰਜਾਬ ਆਓ, ਕੋਈ ਮੁਸ਼ਕਲ ਨਹੀਂ ਆਵੇਗੀ: ਚੰਨੀ
ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁੜ ਪੰਜਾਬ ਦੌਰਾ ਕਰਨ, ਚੰਗੇ ਪ੍ਰਬੰਧ ਕੀਤੇ ਜਾਣਗੇ ਅਤੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਜ ਖ਼ੁਦ ਪ੍ਰਧਾਨ ਮੰਤਰੀ ਦੀ ਸਵਾਗਤ ਲਈ ਤਿਆਰੀ ਕੀਤੀ ਹੋਈ ਸੀ ਅਤੇ ਪ੍ਰਧਾਨ ਮੰਤਰੀ ਦੀ ਆਮਦ ਤੋਂ ਪੰਜਾਬ ਨੂੰ ਕੁੱਝ ਮਿਲਣ ਦੀ ਹੀ ਉਮੀਦ ਸੀ। ਚੰਨੀ ਨੇ ਕਿਹਾ ਕਿ ਕੋਈ ਖ਼ਤਰੇ ਵਾਲੀ ਗੱਲ ਹੁੰਦੀ ਤਾਂ ਉਹ ਖ਼ੁਦ ਉਨ੍ਹਾਂ ਤੋਂ ਪਹਿਲਾਂ ਆਪਣਾ ਖ਼ੂਨ ਡੋਲਣਗੇ, ਨਾਲੇ ਪੰਜਾਬੀਆਂ ਦੇ ਸੁਭਾਅ ਵਿਚ ਹੀ ਨਹੀਂ ਕਿ ਮਹਿਮਾਨ ’ਤੇ ਕੋਈ ਹਮਲਾ ਕੀਤਾ ਜਾਵੇ। ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਕੇਂਦਰੀ ਗ੍ਰਹਿ ਮੰਤਰੀ ਨੇ ਫ਼ੋਨ ਕਰਕੇ ਪ੍ਰਧਾਨ ਮੰਤਰੀ ਦੇ ਵਾਪਸ ਮੁੜਨ ਦੇ ਫ਼ੈਸਲੇ ਤੋਂ ਜਾਣੂ ਕਰਾਇਆ।
ਰੈਲੀ ਫਲਾਪ ਹੋਣ ਕਰਕੇ ਮੋਦੀ ਵਾਪਸ ਮੁੜੇ: ਵੇਰਕਾ
ਸੰਸਦ ਮੈਂਬਰ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਦਾ ਫ਼ਿਰੋਜ਼ਪੁਰ ਦੌਰਾ ਰੱਦ ਹੋਣ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘ਰੱਬ ਨੇ ਇਹ ਤਾਂ ਭਾਜਪਾ ਨੂੰ ਟਰੇਲਰ ਹੀ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਵਾ ਸਾਲ ਦਿੱਲੀ ਦੀਆਂ ਹੱਦਾਂ ’ਤੇ ਗਰਮੀ-ਸਰਦੀ ਝੱਲ ਕੇ ਆਏ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਸਲ ਵਿਚ ਭਾਜਪਾ ਦੀ ਫ਼ਿਰੋਜ਼ਪੁਰ ਰੈਲੀ ਵਿਚ ਲੋਕ ਨਹੀਂ ਪਹੁੰਚੇ ਸਨ ਜਿਸ ਕਰਕੇ ਪ੍ਰਧਾਨ ਮੰਤਰੀ ਵਾਪਸ ਮੁੜੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤਾਂ ਖ਼ੁਦ ਹੀ ਰੈਲੀ ਵਿਚ ਜਾਣਾ ਨਹੀਂ ਚਾਹੁੰਦੇ ਸਨ ਕਿਉਂਕਿ ਰੈਲੀ ਫਲਾਪ ਸੀ।
ਜੋ ਕੁਝ ਹੋਇਆ, ਉਹ ਪੰਜਾਬੀਅਤ ਦੇ ਵਿਰੁੱਧ: ਜਾਖੜ
ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸੁਆਲ ਖੜ੍ਹੇ ਕੀਤੇ ਹਨ। ਜਾਖੜ ਨੇ ਟਵੀਟ ਕਰਕੇ ਕਿਹਾ ‘ਅੱਜ ਜੋ ਕੁਝ ਹੋਇਆ ਹੈ, ਉਹ ਪ੍ਰਵਾਨਯੋਗ ਨਹੀਂ ਹੈ, ਪੰਜਾਬੀਅਤ ਦੇ ਵਿਰੁੱਧ ਹੈ। ਪ੍ਰਧਾਨ ਮੰਤਰੀ ਵਾਸਤੇ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।’
ਲੋਕਾਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ: ਪਰਗਟ ਸਿੰਘ
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਅੱਜ ਟਵਿੱਟਰ ’ਤੇ ਫ਼ਿਰੋਜ਼ਪੁਰ ਰੈਲੀ ਵਿਚ ਖ਼ਾਲੀ ਪਈਆਂ ਕੁਰਸੀਆਂ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ‘ਮੋਦੀ ਜੀ ਦਾ ਰੈਲੀ ਵਿਚ ਨਾ ਜਾਣ ਦਾ ਕਾਰਨ ਇਹ ਖ਼ਾਲੀ ਕੁਰਸੀਆਂ ਹਨ, ਨਾ ਕਿ ਹੋਰ ਗੱਲਾਂ, ਜੋ ਭਾਜਪਾ ਕਰ ਰਹੀ ਹੈ। ਪੰਜਾਬ ਦੇ ਲੋਕਾਂ ਨੇ ਰੈਲੀ ਵਿਚ ਨਾ ਪਹੁੰਚ ਕੇ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।’
‘ਸੜਕੀ ਰਸਤੇ ਜਾਣ ਦੀ ਯੋਜਨਾ ਐਨ ਆਖ਼ਰੀ ਮੌਕੇ ਸਾਂਝੀ ਕੀਤੀ ਗਈ’
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਤੋਂ ਫ਼ਿਰੋਜ਼ਪੁਰ ਹਵਾਈ ਰਸਤੇ ਜਾਣਾ ਸੀ ਪਰ ਪ੍ਰਧਾਨ ਮੰਤਰੀ ਦੀ ਸੜਕੀ ਰਸਤੇ ਜਾਣ ਦੀ ਯੋਜਨਾ ਪੰਜਾਬ ਸਰਕਾਰ ਨਾਲ ਆਖ਼ਰੀ ਸਮੇਂ ’ਤੇ ਸਾਂਝੀ ਕੀਤੀ ਗਈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸ਼ੁਰੂਆਤੀ ਟੂਰ ਪ੍ਰੋਗਰਾਮ ਵਿਚ ਸੜਕੀ ਰਸਤੇ ਜਾਣ ਦਾ ਕੋਈ ਜ਼ਿਕਰ ਨਹੀਂ ਸੀ ਪਰ ਫਿਰ ਉਨ੍ਹਾਂ ਨੇ ਮੰਗਲਵਾਰ ਰਾਤ ਹੀ ਸੜਕੀ ਰਸਤੇ ਕਲੀਅਰ ਕਰਾ ਦਿੱਤੇ ਸਨ। ਉਨ੍ਹਾਂ ਨੇ ਖ਼ੁਦ ਕਿਸਾਨ ਆਗੂਆਂ ਨਾਲ ਗੱਲ ਕਰ ਕੇ ਦਿੱਲੀ ਵਿਚ 15 ਮਾਰਚ ਦੀ ਮੀਟਿੰਗ ਤੈਅ ਕਰਾ ਦਿੱਤੀ ਸੀ।