ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਫਰਵਰੀ
ਇੱਥੇ ਅੱਜ ‘ਆਪ’ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਲਈ ਉਮੀਦਵਾਰ ਭਗਵੰਤ ਮਾਨ ਨੇ ਚੋਣਾਂ ਲਈ ਦੋ ਡਿਜੀਟਲ ਪ੍ਰੋਗਰਾਮ ਜਾਰੀ ਕੀਤੇ ਜਿਨ੍ਹਾਂ ਵਿੱਚ ‘ਡੋਰ ਟੂ ਡੋਰ’ ਮੁਹਿੰਮ ਅਤੇ ਗਾਇਕ ਸੁਖਵਿੰਦਰ ਦਾ ਗਾਇਆ ਗੀਤ ਸ਼ਾਮਲ ਹੈ।
ਦਿੱਲੀ ਤੋਂ ਸੰਸਦ ਇਜਲਾਸ ਵਿੱਚ ਭਾਗ ਲੈ ਕੇ ਪਰਤੇ ਭਗਵੰਤ ਮਾਨ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਭਲਕੇ ਧੂਰੀ ਵਿੱਚ ਇੱਕ ਔਰਤਾਂ ਦਾ ਸਮਾਗਮ ‘ਲੇਖਾ ਮਾਵਾਂ ਧੀਆਂ ਦਾ’ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਸ ਦੇ ਮਾਤਾ, ਭੈਣ ਅਤੇ ‘ਆਪ’ ਆਗੂ ਨਰਿੰਦਰ ਭਰਾਜ ਸ਼ਾਮਲ ਹੋਣਗੇ। ਇਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਦੇ ਸੁਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਧੀ ਪੁੱਜਣਗੇ। ਸ੍ਰੀਮਤੀ ਕੇਜਰੀਵਾਲ ਨੇ ਇਸ ਸਬੰਧੀ ਇਕ ਟਵੀਟ ਵਿੱਚ ਲਿਖਿਆ ਹੈ ਕਿ ਉਹ ਆਪਣੇ ਦਿਓਰ ਲਈ ਵੋਟਾਂ ਮੰਗਣ ਜਾਣਗੇ। ਸ੍ਰੀ ਮਾਨ ਨੇ ਆਖਿਆ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਸ੍ਰੀਮਤੀ ਕੇਜਰੀਵਾਲ ਉਨ੍ਹਾਂ ਨੂੰ ਇਹ ਦਰਜਾ ਦੇ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਦੌਰਾਨ ਪੰਜਾਬ ਵਿਚ ਤਿੰਨ ਰੈਲੀਆਂ ਕਰਨ ਅਤੇ ਪੰਜਾਬ ਲਈ ਕੋਈ ਐਲਾਨ ਕਰਨ ਸਬੰਧੀ ਸਵਾਲ ਦੇ ਜਵਾਬ ਵਿੱਚ ‘ਆਪ’ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਵਾਗਤ ਹੈ। ਉਨ੍ਹਾਂ ਨੂੰ ਹੱਕ ਹੈ ਕਿ ਉਹ ਵੀ ਪੰਜਾਬ ਵਿੱਚ ਆ ਸਕਦੇ ਹਨ ਅਤੇ ਚੋਣ ਪ੍ਰਚਾਰ ਕਰ ਸਕਦੇ ਹਨ ਪਰ ਉਨ੍ਹਾਂ ਦੇ ਐਲਾਨ ਸਿਰਫ ਜੁਮਲੇ ਹਨ। ਸ੍ਰੀ ਮਾਨ ਨੇ ਵਿਅੰਗ ਕੀਤਾ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਨਹੀਂ ਸਗੋਂ ਭਾਰਤੀ ਜੁਮਲਾ ਪਾਰਟੀ ਹੈ।
ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ਵਿੱਚ ਅਰਵਿੰਦ ਕੇਜਰੀਵਾਲ ’ਤੇ ਲਾਏ ਇਕ ਦੋਸ਼ ਸਬੰਧੀ ਸਵਾਲ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਸਿੱਧੂ ਦਾ ਏਜੰਡਾ ਨਾ ਤਾਂ ਉਨ੍ਹਾਂ ਦੀ ਪਾਰਟੀ ਨੇ ਮੰਨਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਜਾਇਦਾਦ ਬਾਰੇ ਕੀਤੀ ਟਿੱਪਣੀ ਸਬੰਧੀ ‘ਆਪ’ ਆਗੂ ਨੇ ਕਿਹਾ ਕਿ 11 ਮਾਰਚ ਮਗਰੋਂ ਉਨ੍ਹਾਂ ਦੀ ਜਾਇਦਾਦ ਦੇ ਵੇਰਵਿਆਂ ਬਾਰੇ ਸਾਰੇ ਹਲਫੀਆ ਬਿਆਨ ਜਨਤਕ ਕਰ ਦੇਣਗੇ।
ਸੰਸਦ ਵਿੱਚ ਕਿਸਾਨਾਂ ਦੇ ਮੁੱਦੇ ਉਠਾਉਣ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ 743 ਕਿਸਾਨਾਂ ਲਈ ਮੁਆਵਜ਼ਾ ਅਤੇ ਕਿਸਾਨਾਂ ’ਤੇ ਦਰਜ ਪੁਲੀਸ ਕੇਸ ਰੱਦ ਕਰਨ ਦਾ ਮੁੱਦਾ ਉਠਾਇਆ ਹੈ। ਗੰਨੇ ਦੇ ਬਕਾਏ ਤੇ ਹੋਰ ਖੇਤੀਬਾੜੀ ਨਾਲ ਜੁੜੇ ਮਾਮਲੇ ਉਭਾਰੇ ਹਨ। ਉਨ੍ਹਾਂ ਅੱਜ ਇਥੇ ਮਾਝੇ ਦੇ ਵੱਖ ਵੱਖ ਚਾਰ ਹਲਕਿਆਂ ਵਿੱਚ ਚੋਣ ਪ੍ਰਚਾਰ ਵੀ ਕੀਤਾ।
ਤਕਨੀਕੀ ਨੁਕਸ ਕਾਰਨ ਜਾਰੀ ਨਾ ਹੋ ਸਕਿਆ ਡੋਰ-ਟੂ-ਡੋਰ ਪ੍ਰੋਗਰਾਮ
‘ਆਪ’ ਵੱਲੋਂ ਅੱਜ ਦੋ ਡਿਜੀਟਲ ਪ੍ਰੋਗਰਾਮ ਲਾਂਚ ਕੀਤੇ ਜਾਣੇ ਸਨ ਪਰ ਤਕਨੀਕੀ ਨੁਕਸ ਕਾਰਨ ਡੋਰ-ਟੂ-ਡੋਰ ਪ੍ਰੋਗਰਾਮ ਜਾਰੀ ਨਹੀਂ ਹੋਇਆ, ਜਦੋਂਕਿ ਗਾਇਕ ਸੁਖਵਿੰਦਰ ਵੱਲੋਂ ਆਪ ਲਈ ਗਾਇਆ ਗੀਤ ਜਾਰੀ ਕੀਤਾ ਗਿਆ। ਸ੍ਰੀ ਮਾਨ ਨੇ ਦੱਸਿਆ ਕਿ ਡੋਰ-ਟੂ-ਡੋਰ ਡਿਜੀਟਲ ਮੁਹਿੰਮ ਹੈ, ਜਿਸ ਤਹਿਤ ਲੋਕ ਇਕ ਨੰਬਰ ’ਤੇ ਮਿਸਡ ਕਾਲ ਜਾਂ ਵੈੱਬਸਾਈਟ ’ਤੇ ਜਾ ਕੇ ਕਲਿਕ ਕਰ ਸਕਦੇ ਹਨ ਅਤੇ 11 ਮੁੱਦਿਆਂ ਬਾਰੇ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ। ਇਨ੍ਹਾਂ ਮੁੱਦਿਆਂ ਵਿੱਚ ਸਿੱਖਿਆ, ਸਿਹਤ, ਬਿਜਲੀ, ਐਸਸੀ ਭਾਈਚਾਰਾ, ਔਰਤਾਂ ਦੀ ਸੁਰੱਖਿਆ, ਅਮਨ ਕਾਨੂੰਨ, ਖੇਤੀਬਾੜੀ, ਨਸ਼ਾ ਮੁਕਤ ਪੰਜਾਬ, ਵਪਾਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਸਬੰਧੀ ਸਵਾਲ ਪੁੱਛੇ ਜਾ ਸਕਦੇ ਹਨ।
‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ
ਤਰਨ ਤਾਰਨ/ਗੋਇੰਦਵਾਲ/ਪੱਟੀ/ਭਿੱਖੀਵਿੰਡ (ਗੁਰਬਖ਼ਸ਼ਪੁਰੀ/ਜਤਿੰਦਰ ਸਿੰਘ ਬਾਵਾ/ਬੇਅੰਤ ਸਿੰਘ ਸੰਧੂ/ਨਰਿੰਦਰ ਸਿੰਘ): ‘ਆਪ’ ਆਗੂ ਭਗਵੰਤ ਮਾਨ ਨੇ ਅੱਜ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਦੇ ਪਿੰਡਾਂ-ਸ਼ਹਿਰਾਂ ਵਿੱਚ ਰੋਡ-ਸ਼ੋਅ ਕੀਤਾ। ਕਸਬਾ ਸੁਰਸਿੰਘ ਤੋਂ ਸ਼ੁਰੂ ਹੋਇਆ ਇਹ ਰੋਡ ਸ਼ੋਅ ਭਿੱਖੀਵਿੰਡ, ਅਮਰਕੋਟ, ਅਲਗੋਂ ਕੋਠੀ ਵਲਟੋਹਾ, ਪੱਟੀ, ਚੋਹਲਾ ਸਾਹਿਬ, ਖਡੂਰ ਸਾਹਿਬ ਤੱਕ ਗਿਆ| ਸੁਰਸਿੰਘ ਵਿੱਚ ਸੰਖੇਪ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਭ੍ਰਿਸ਼ਟ ਅਤੇ ਮਾਫੀਆ ਨੇਤਾਵਾਂ ਨੂੰ ਨਹੀਂ ਚੁਣਨ ਵਾਲੇ। ਉਨ੍ਹਾਂ ਲੋਕਾਂ ਨੂੰ ਖੇਮਕਰਨ ਤੋਂ ਪਾਰਟੀ ਉਮੀਦਵਾਰ ਸਰਵਣ ਸਿੰਘ ਧੁੰਨ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਅਤੇ ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤ ਚੱਲਦੀ ਹੋਣ ਕਰਕੇ ਇਨ੍ਹਾਂ ਦਫ਼ਤਰਾਂ ਨੂੰ ‘ਕੈਸ ਕਲੈਕਸ਼ਨ ਸੈਂਟਰ’ ਦਾ ਨਾਂ ਦਿੱਤਾ ਅਤੇ ਕਿਹਾ ਕਿ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਇਨ੍ਹਾਂ ਦਫ਼ਤਰਾਂ ਨੂੰ ਆਮ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਥਾਂ ਬਣਾਇਆ ਜਾਵੇਗਾ।