ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਸਤੰਬਰ
ਨਗਰ ਸੁਧਾਰ ਟਰੱਸਟ ਪਲਾਟ ਅਲਾਟਮੈਂਟ ਘੁਟਾਲੇ ’ਚ ਨਾਮਜ਼ਦ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਕਿਸੇ ਕੇਸ ਵਿੱਚ ਗ੍ਰਿਫ਼ਤਾਰੀ ਹੁੰਦੀ ਹੈ ਤਾਂ 7 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਹੁਣ ਇਸੇ ਹੁਕਮਾਂ ’ਤੇ ਕਾਨੂੰਨੀ ਰਾਏ ਲੈ ਕੇ ਵਿਜੀਲੈਂਸ ਨੇ ਅਗਲੀ ਰਣਨੀਤੀ ਤਿਆਰ ਕੀਤੀ ਹੈ। ਹੁਣ ਵਿਜੀਲੈਂਸ ਦੀ ਟੀਮ ਜਾਂਚ ’ਚ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਬਜਾਏ ਕਿਸੇ ਵੀ ਸਮੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਉਧਰ, ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਮਾਮਲੇ ’ਚ ਵਿਜੀਲੈਂਸ ਦੀ ਟੀਮ ਲਗਾਤਾਰ ਕਾਨੂੰਨੀ ਸਲਾਹ ਲੈ ਰਹੀ ਹੈ, ਜਿਸ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਬਕਾ ਚੇਅਰਮੈਨ ਖ਼ਿਲਾਫ਼ ਪਹਿਲਾਂ ਹੀ ਐੱਫਆਈਰ ਦਰਜ ਹੈ, ਜੋ ਜਾਂਚ ਪੜਤਾਲ ਤੋਂ ਬਾਅਦ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਨੋਟਿਸ ਜਾਰੀ ਕੀਤਾ ਜਾਵੇਗਾ।