ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਸਤੰਬਰ
ਸ੍ਰੀ ਗੁਰੂ ਹਰਕ੍ਰਿਸ਼ਿਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀਟੀ ਰੋਡ ਵਿੱਚ ਅਧਿਆਪਕਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਵਿਦਿਆਰਥੀਆਂ ਦੁਆਰਾ ਵੱਖ-ਵੱਖ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਅਤੇ ਆਡੀਓ-ਵੀਡੀਓ ਰਾਹੀਂ ਅਧਿਆਪਕ ਪ੍ਰਤੀ ਆਦਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮੁੱਖ ਅਧਿਆਪਕਾਵਾਂ ਅਤੇ ਅਧਿਆਪਕਾਂ ਨੇ ਇਹ ਪ੍ਰਣ ਲਿਆ ਕਿ ਜਿਵੇਂ ਕਰੋਨਾ ਕਾਲ ਵੇਲੇ ਉਨ੍ਹਾਂ ਪੁਰੀ ਮਿਹਨਤ ਨਾਲ ਆਪਣਾ ਫਰਜ਼ ਨਿਭਾਇਆ ਹੈ, ਭਵਿੱਖ ਵਿਚ ਵੀ ਇਸੇ ਤਰ੍ਹਾਂ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ। ਸਕੂਲ ਪ੍ਰਿੰਸੀਪਲ ਡਾ. ਧਰਮਵੀਰ ਸਿੰਘ ਨੇ ਕਿਹਾ ਕਿ ਚੰਗੇ ਅਧਿਆਪਕ ਵਿੱਚ ਸੁਪਨਿਆਂ ਨੂੰ ਸਕਾਰ ਕਰਨ ਦੀ ਯੋਗਤਾ ਹੁੰਦੀ ਹੈ ਤੇ ਉਹ ਹੀ ਵਿਦਿਆਰਥੀਆਂ ਦੇ ਮਨ ਅੰਦਰ ਵਿਦਿਆ ਪ੍ਰਤੀ ਰੁਚੀ ਪੈਦਾ ਕਰ ਸਕਦਾ ਹੈ। ਇਸ ਮੌਕੇ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਸ਼ਾਹਕੋਟ (ਪੱਤਰ ਪ੍ਰੇਰਕ): ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਵਿਚ ਅਧਿਆਪਕ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਵੰਦਨਾ ਧਵਨ ਨੇ ਅਧਿਆਪਕਾਂ ਨੂੰ ਵਧੀਆਂ ਦਿੱਤੀਆਂ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਥੇ ਮਾਡਲ ਟਾਊਨ ਸਥਿਤ ਗੁਰੂ ਅਮਰਦਾਸ ਪਬਲਿਕ ਸਕੂਲ ਵਿਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗਿਆ।
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਐੱਮਆਰ ਇੰਟਰਨੇਸ਼ਨਲ ਸਕੂਲ ਅਤੇ ਰੇਨਬੋ ਪਬਲਿਕ ਸਕੂਲ ਸੱਤੋਵਾਲੀ ਅਤੇ ਕਿਡਜੀ ਸਕੂਲ ਆਦਮਪੁਰ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ।
ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ
ਕਾਹਨੂੰਵਾਨ (ਪੱਤਰ ਪ੍ਰੇਰਕ): ਪਿੰਡ ਰਾਜਪੁਰਾ ਵਿੱਚ ਬਰਾਈਟ ਫਿਊਚਰ ਅਕੈਡਮੀ ਵਿਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਮਨ ਭਾਉਂਦੇ ਤੋਫਿਆਂ ਨਾਲ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਸਕੂਲ ਦੇ ਮੁੱਖ ਪ੍ਰਬੰਧਕ ਸੰਦੀਪ ਧਾਲੀਵਾਲ ਭੋਜਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਸ਼ੁਕਰਾਨਾ ਕੀਤਾ, ਜੋ ਉਨ੍ਹਾਂ ਦੇ ਅਦਾਰੇ ਵਿੱਚ ਸਾਜ਼ਗਾਰ ਮਾਹੌਲ ਸਿਰਜਦੇ ਹਨ।