ਅਸ਼ਵਨੀ ਗਰਗ
ਸਮਾਣਾ, 6 ਫਰਵਰੀ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ’ਤੇ ਪਾਰਟੀ ’ਚ ਰਹਿ ਕੇ ਪੀਐੱਲਸੀ ਤੇ ਭਾਜਪਾ ਦੇ ਉਮੀਦਵਾਰਾਂ ਦੀ ਅੰਦਰਖਾਤੇ ਹਮਾਇਤ ਕਰਨ ਦੇ ਦੋਸ਼ ਲਗਾਏ ਤੇ ਨਾਲ ਹੀ ਪ੍ਰਨੀਤ ਕੌਰ ਨੂੰ ਸੱਤਾ ਦੀ ਲਾਲਚੀ ਕਰਾਰ ਦਿੱਤਾ। ਉਹ ਸ਼ਹਿਰ ਵਿੱਚ ਆਪਣੇ ਪੁੱਤਰ ਤੇ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਸਿੰਘ ਦੇ ਹੱਕ ’ਚ ਅਮਾਮਗੜ੍ਹ ਮੁਹੱਲਾ ਵਿੱਚ ਚੋਣ ਪ੍ਰਚਾਰ ਦੌਰਾਨ ਸੇਵਾਮੁਕਤ ਪੀਆਰਟੀਸੀ ਇੰਸਪੈਕਟਰ ਲਾਭ ਸਿੰਘ ਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਲਾਲ ਸਿੰਘ ਨੇ ਕਿਹਾ ਕਿ ਪ੍ਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਵੀ ਹਾਲਤ ’ਚ ਸੱਤਾ ਹਾਸਲ ਕਰਨ ਦੀ ਭੁੱਖ ਨੂੰ ਮਿਟਾਉਣ ਲਈ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕਰਕੇ ਚੋਣ ਮੈਦਾਨ ’ਚ ਉੱਤਰੇ ਪਤੀ ਦੀ ਹਮਾਇਤ ਤਾਂ ਕਰਨਾ ਚਾਹੁੰਦੀ ਹੈ ਪਰ ਆਪਣਾ ਸੰਸਦ ਮੈਂਬਰ ਦਾ ਅਹੁਦਾ ਖੁੱਸਣ ਦੇ ਡਰੋਂ ਕਾਂਗਰਸ ’ਚੋਂ ਅਸਤੀਫ਼ਾ ਨਹੀਂ ਦੇ ਰਹੀ। ਇਸ ਲਈ ਉਹ ਕਾਂਗਰਸ ’ਚ ਰਹਿ ਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਰਹੀ ਹੈ ਜਦੋਂਕਿ ਹੁਣ ਪੰਜਾਬ ਤੇ ਖ਼ਾਸਕਰ ਜ਼ਿਲ੍ਹਾ ਪਟਿਆਲਾ ਤੇ ਹਲਕਾ ਸਮਾਣਾ ਦੇ ਲੋਕ ਇਨ੍ਹਾਂ ਮਹਿਲਾਂ ਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੂੰ ਇੰਨਾ ਕੁਝ ਦਿੱਤਾ ਅੱਜ ਉਹੀ ਕਾਂਗਰਸ ਨੂੰ ਹਰਾਉਣ ਲਈ ਚਾਲਾਂ ਚੱਲ ਰਹੇ ਹਨ ਜਿਸ ਦਾ ਹਿਸਾਬ ਉਨ੍ਹਾਂ ਨੂੰ ਦੇਣਾ ਪਵੇਗਾ।
ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਪ੍ਰਨੀਤ ਕੌਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਸਬੰਧੀ ਨੋਟਿਸ ਜਾਰੀ ਕਰ ਚੁੱਕੀ ਹੈ ਪਰ ਸੱਤਾ ਦੀ ਭੁੱਖ ਕਾਰਨ ਉਸ ਨੇ ਕਾਂਗਰਸ ਤੋਂ ਅਸਤੀਫ਼ਾ ਨਹੀਂ ਦਿੱਤਾ ਤੇ ਕਾਂਗਰਸ ’ਚ ਰਹਿ ਕੇ ਪਤੀ ਦੀ ਹਮਾਇਤ ਕਰ ਰਹੀ ਹੈ। ਲਾਲ ਸਿੰਘ ਨੇ ਪਾਰਟੀ ਹਾਈ ਕਮਾਨ ਤੋਂ ਮੰਗ ਕੀਤੀ ਕਿ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।