ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਜੂਨ
ਜ਼ਿਲ੍ਹੇ ਵਿਚ ਕੇਂਦਰੀ ਯੋਜਨਾ ਹੇਠ ਬਾਗ਼ਬਾਨੀ ਬਾਰੇ ਖੋਜ ਤੇ ਵਿੱਦਿਆ ਮੁਹੱਈਆ ਕਰਨ ਵਾਲੀ ਸੰਸਥਾ ਖੋਲ੍ਹਣ ਦੀ ਯੋਜਨਾ ਫਿਲਹਾਲ ਠੰਢੇ ਬਸਤੇ ਵਿਚ ਹੈ। ਪੰਜ ਸਾਲ ਬੀਤਣ ਮਗਰੋਂ ਵੀ ਇਸ ਸੰਸਥਾ ਵਾਸਤੇ ਲੋੜੀਂਦੀ ਜ਼ਮੀਨ ਪ੍ਰਾਪਤ ਨਹੀਂ ਹੋ ਸਕੀ ਜਦਕਿ ਜਗ੍ਹਾ ਦੀ ਚੋਣ ਕਰਨ ਵਾਲੀ ਕਮੇਟੀ ਜਗ੍ਹਾ ਵਾਸਤੇ ਹਰੀ ਝੰਡੀ ਦੇ ਚੁੱਕੀ ਹੈ। 2015 ਵਿਚ ਉਸ ਵੇਲੇ ਦੇ ਕੇਂਦਰੀ ਵਿੱਤ ਮੰਤਰੀ ਮਰਹੂਮ ਅਰੁਣ ਜੇਤਲੀ ਨੇ ਅੰਮ੍ਰਿਤਸਰ ਵਿਚ ‘ਪੋਸਟ ਗਰੈਜੂਏਟ ਇੰਸਚੀਇਊਟ ਆਫ ਹਾਰਟੀਕਲਚਰ ਰਿਸਰਚ ਐਂਡ ਐਜੂਕੇਸ਼ਨ’ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਉਸ ਵੇਲੇ ਸੂਬੇ ਦੀ ਸਰਕਾਰ ਨੇ ਸਰਹੱਦੀ ਕਸਬਾ ਅਟਾਰੀ ਵਿਚ ਸੰਸਥਾ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਸੀ। ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ (ਆਈਸੀਏਆਰ) ਵੱਲੋਂ ਅੰਮ੍ਰਿਤਸਰ-ਅਟਾਰੀ ਸੜਕ ’ਤੇ ਪਿੰਡ ਛਿੱਡਣ ਨੇੜੇ ਇਸ ਸੰਸਥਾ ਦੀ ਇਮਾਰਤ ਦੀ ਉਸਾਰੀ ਵਾਸਤੇ ਲਗਪਗ 30 ਏਕੜ ਜ਼ਮੀਨ ਦੇ ਰਕਬੇ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਰ ਸੂਬਾ ਸਰਕਾਰ ਹੁਣ ਤਕ ਇਹ ਜ਼ਮੀਨ ਪ੍ਰਾਪਤ ਕਰਨ ਵਿਚ ਅਸਫ਼ਲ ਰਹੀ ਹੈ। ਇਸ ਜ਼ਮੀਨ ’ਤੇ ਸੰਸਥਾ ਦੀ ਦਾ ਪ੍ਰਸ਼ਾਸਕੀ ਦਫ਼ਤਰ, ਅਕੈਡਮਿਕ ਬਲਾਕ ਅਤੇ ਹੋਸਟਲ ਆਦਿ ਬਣਨਾ ਹੈ।
ਜ਼ਮੀਨ ਦੀ ਕੀਮਤ ਤੈਅ ਨਾ ਹੋਣ ਕਾਰਨ ਹੋ ਰਹੀ ਹੈ ਦੇਰੀ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ। ਇਸ ਵਾਸਤੇ ਚੁਣੀ ਗਈ ਜ਼ਮੀਨ ਸਰਕਾਰੀ ਨਹੀਂ, ਸਗੋਂ ਕਿਸੇ ਵੱਡੇ ਕਿਸਾਨ ਦੀ ਹੈ। ਸਰਕਾਰ ਇਸ ਜ਼ਮੀਨ ਦਾ ਮੁੱਲ ਮੌਜੂਦਾ ਕੁਲੈਕਟਰ ਰੇਟ ਮੁਤਾਬਕ ਦਸ ਲੱਖ ਰੁਪਏ ਪ੍ਰਤੀ ਏਕੜ ਦੱਸ ਰਹੀ ਹੈ ਜਦਕਿ ਜ਼ਮੀਨ ਦੇ ਮਾਲਕ ਵੱਲੋਂ ਜ਼ਮੀਨ ਦਾ ਮੁੱਲ 65 ਲੱਖ ਰੁਪਏ ਪ੍ਰਤੀ ਏਕੜ ਮੰਗਿਆ ਜਾ ਰਿਹਾ ਹੈ। ਜਗ੍ਹਾ ਦੀ ਕੀਮਤ ਰੇੜਕੇ ਕਾਰਨ ਹੀ ਹੁਣ ਤਕ ਜ਼ਮੀਨ ਪ੍ਰਾਪਤ ਨਹੀਂ ਹੋ ਸਕੀ।