ਜੋਗਿੰਦਰ ਸਿੰਘ ਮਾਨ/ਨਿਰੰਜਣ ਬੋਹਾ
ਮਾਨਸਾ/ਬੋਹਾ, 11 ਅਕਤੂਬਰ
‘ਜ਼ਮੀਨ ਬਚਾਓ ਘੋਲ’ ਦੇ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 12ਵੀਂ ਬਰਸੀ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਵੇਂ ਤਿੰਨੋਂ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਵਾਪਸ ਲੈ ਲਏ ਹਨ ਪਰ ਹਾਲੇ ਵੀ ਮੋਦੀ ਹਕੂਮਤ ਦੀਆਂ ਲੁਕਵੀਆਂ ਚਾਲਾਂ ਜਾਰੀ ਹਨ।
ਸ੍ਰੀ ਬੁਰਜਗਿੱਲ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੇਂਦਰ ਸਰਕਾਰ ਵਾਂਗ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਈਡੈਂਟ ਕੰਪਨੀ ਦੇ ਮਾਲਕ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਦੇਣਾ ਉਪਰੋਕਤ ਤੱਥ ਨੂੰ ਸਪੱਸ਼ਟ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਦਲਾਅ ਵਾਲਾ ਭੁਲੇਖਾ ਨਿਕਲ ਗਿਆ ਹੈ ਅਤੇ ਸਮਾਜ ਦਾ ਹਰ ਤਬਕਾ ਸੰਘਰਸ਼ ਦੇ ਰਾਹ ’ਤੇ ਹੈ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਕਤਲ ਕਾਂਡ ਦੇ ਕਥਿਤ ਸਾਜ਼ਿਸ਼ਘਾੜੇ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਕੇ ਜੇਲ੍ਹ ਭੇਜਿਆ ਜਾਵੇ ਅਤੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਲ੍ਹੀਂ ਡੱਕੇ ਚਾਰ ਬੇਗੁਨਾਹ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਕੇਂਦਰੀ ਹਕੂਮਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ, ਕਿਸਾਨ-ਮਾਰੂ ਅਤੇ ਸੂਬਿਆਂ ਦੀ ਸੰਘੀ ਨੱਪਣ ਵਾਲੀਆਂ ਨੀਤੀਆਂ ਦਾ ਸਾਰਿਆਂ ਨੂੰ ਰਲ ਕੇ ਵਿਰੋਧ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸ਼ਹੀਦ ਦੀ ਪਤਨੀ ਸੁਖਜਿੰਦਰ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਅਜਮੇਰ ਅਕਲੀਆ ਵੱਲੋਂ ਸ਼ਰਧਾਂਜਲੀ ਗੀਤ ਅਤੇ ਨਾਟਕ ‘ਲੀਰਾਂ’ ਦਾ ਮੰਚਨ ਕੀਤਾ ਗਿਆ।
ਇਸ ਮੌਕੇ ਰੁਲਦੂ ਸਿੰਘ ਮਾਨਸਾ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਮਹਿੰੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਕਮਾਲਪੁਰਾ, ਬਲਵੀਰ ਕੌਰ ਐਡਵੋਕੇਟ, ਗੁਰਦੀਪ ਸਿੰਘ ਮੁਕਤਸਰ, ਮਹਿੰਦਰ ਸਿੰਘ ਭੈਣੀਬਾਘਾ, ਹਰਿਆਣਾ ਕਿਸਾਨ ਮੰਚ ਵੱਲੋਂ ਲੱਖਾ ਸਿੰਘ ਨੇ ਵੀ ਸੰਬੋਧਨ ਕੀਤਾ।