ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 11 ਮਈ
ਥਾਣਾ ਧਾਰੀਵਾਲ ਦੀ ਪੁਲੀਸ ਨੇ ਪਿੰਡ ਖੁੰਡਾ ਨੇੜੇ ਗੋਦਾਮਾਂ ਦੇ ਬਾਹਰ ਸੜਕ ਉਪਰ ਕਣਕ ਦੇ ਭਰੇ ਟਰੱਕ ਨੂੰ ਡਰਾਈਵਰ ਸਮੇਤ ਅਗਵਾ ਕਰਕੇ ਲੁੱਟਣ ਦੇ ਦੋਸ਼ ਵਿੱਚ ਇਕ ਮੁਲਜ਼ਮ ਦੀ ਨਿਸਾਨਦੇਈ ’ਤੇ ਦੇਸੀ ਪਿਸਤੌਲ ਅਤੇ 10 ਰੌਂਦ ਬਾਰਮਦ ਕੀਤੇ ਹਨ। ਮੁਲਜ਼ਮ ਨੇ ਇਸ ਅਸਲੇ ਨੂੰ ਧਾਰੀਵਾਲ ਤੋਂ ਪਿੰਡ ਖੁੰਡਾ ਰੋਡ ’ਤੇ ਇੱਟਾਂ ਵਾਲੇ ਭੱਠੇ ਲਾਗੇ ਸੂਆ ਦੇ ਕੰਡੇ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਥਾਣਾ ਧਾਰੀਵਾਲ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ 4 ਮਈ ਦੀ ਰਾਤ ਨੂੰ ਧਾਰੀਵਾਲ ਬਾਈਪਾਸ ਖੁੰਡਾ ਨੇੜੇ ਗੋਦਾਮਾਂ ਦੇ ਬਾਹਰ 480 ਬੋਰੀਆਂ ਕਣਕ ਨਾਲ ਲੱਦੇ ਟਰੱਕ ਨੂੰ ਅਗਵਾ ਕਰ ਕੇ ਕੁੱਝ ਲੋਕਾਂ ਨੇ ਲੁੱਟਿਆ ਸੀ। ਟਰੱਕ ਦੇ ਡਰਾਈਵਰ ਮਲਕੀਤ ਸਿੰਘ ਦੇ ਬਿਆਨਾਂ ’ਤੇ 5 ਮਈ ਨੂੰ ਪੰਜ ਜਣਿਆਂ ਵਿਰੁੱਧ ਕੇਸ ਦਰਜ ਕਰਕੇ ਟਰੱਕ ਨੂੰ ਕਣਕ ਸਣੇ ਬਰਾਮਦ ਕਰ ਲਿਆ ਗਿਆ ਸੀ। ਕਾਬੂ ਕੀਤੇ ਮੁਲਜ਼ਮ ਕੁਲਦੀਪ ਸਿੰਘ ਉਰਫ ਕੀਪ ਵਾਸੀ ਕਲਾਨੌਰ ਨੇ ਉਪਰੋਕਤ ਅਸਲੇ ਬਾਰੇ ਖੁਲਾਸਾ ਕੀਤਾ। ਪੁਲੀਸ ਨੇ ਅਸਲਾ ਬਰਾਮਦ ਕਰਕੇ ਥਾਣਾ ਧਾਰੀਵਾਲ ਵਿੱਚ ਮੁਲਜ਼ਮ ਕੁਲਦੀਪ ਸਿੰਘ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਫਗਵਾੜਾ (ਜਸਬੀਰ ਸਿੰਘ ਚਾਨਾ): ਮਹਿਲਾ ਦੀਆਂ ਵਾਲੀਆਂ ਝਪਟਣ ਦੇ ਸਬੰਧ ’ਚ ਸਿਟੀ ਪੁਲੀਸ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸੱਤਿਆ ਦੇਵੀ ਵਾਸੀ ਚਾਹਲ ਨਗਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਪਣੇ ਘਰ ਦੇ ਗੇਟ ਕੋਲ ਖੜ੍ਹੀ ਸੀ ਤਾਂ ਕਾਰ ’ਚ ਸਵਾਰ ਹੋ ਕੇ ਤਿੰਨ ਔਰਤਾਂ ਤੇ ਇੱਕ ਨੌਜਵਾਨ ਆਇਆ, ਜਿਨ੍ਹਾਂ ਨੇ ਉਸ ਦੇ ਕੰਨ ’ਚ ਪਾਈਆਂ ਵਾਲੀਆ ਖਿੱਚ ਲਈਆਂ।
ਨਾਜਾਇਜ਼ ਸ਼ਰਾਬ ਦੀਆਂ 400 ਪੇਟੀਆਂ ਸਣੇ ਦੋ ਗ੍ਰਿਫ਼ਤਾਰ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੁਲੀਸ ਕਪਤਾਲ (ਜਾਂਚ) ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੰਚਾਰਜ ਸੀਆਈਏ ਇੰਸਪੈਕਟਰ ਸ਼ਿਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 4800 ਬੋਤਲਾਂ (400 ਪੇਟੀਆਂ) ਸ਼ਰਾਬ, ਇਕ ਟਰੱਕ ਤੇ ਆਈ-20 ਕਾਰ ਬਰਾਮਦ ਕੀਤੀ ਗਈ। ਸੀਨੀਅਰ ਪੁਲੀਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇੰਚਾਰਜ ਸੀਆਈਏ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਦੇ ਇੰਚਾਰਜ ਏ.ਐੱਸ.ਆਈ ਸੁਖਦੇਵ ਸਿੰਘ ਨੇ ਗਸ਼ਤ ਦੌਰਾਨ ਮਨੋਹਰ ਸਿੰਘ ਵਾਸੀ ਓਇਲ ਥਾਣਾ ਗਗਰੇਟ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਅਮਿਤ ਕੁਮਾਰ ਵਾਸੀ ਜੀਓ ਜਲਾਈ ਥਾਣਾ ਕਲਾਨੌਰ (ਜ਼ਿਲ੍ਹਾ ਗੁਰਦਾਸਪੁਰ) ਨੂੰ ਚੋਅ ਰੈਂਪ ਬਸੀ ਮਾਰੂਫ ਸਿਆਲਾ ਤੋਂ ਕਾਬੂ ਕਰਕੇ ਉਨ੍ਹਾਂ ਪਾਸੋਂ 4800 ਬੋਤਲਾਂ (400 ਪੇਟੀਆਂ) ਸ਼ਰਾਬ ਬਰਾਮਦ ਕਰਕੇ ਮੁਲਜ਼ਮਾਂ ਖ਼ਿਲਾਫ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।