ਪੱਤਰ ਪ੍ਰੇਰਕ
ਲੰਬੀ, 5 ਅਪਰੈਲ
ਗੁਲਾਬੀ ਸੁੰਡੀ ਖਰਾਬੇ ਦੇ ਮੁਆਵਜ਼ੇ ਲਈ ਸੰਘਰਸ਼ ਸਦਕਾ ਲੰਬੀ ਦੇ ਪਿੰਡਾਂ ’ਚ ਆਮ ਇਜਲਾਸ ਲਈ ਕਾਰਵਾਈ ਸ਼ੁਰੂ ਹੋ ਗਈ ਹੈ। ਜਾਣਕਾਰੀ ਅਨੁਸਾਰ ਗੁਲਾਬੀ ਸੁੰਡੀ ਦੇ ਪੀੜਤ ਕਿਸਾਨਾਂ ਵਾਲੀ ਸੂਚੀ ਦੇ ਆਧਾਰ ’ਤੇ ਪੰਚਾਇਤ ਅਤੇ ਵਿਕਾਸ ਵਿਭਾਗ ਦੇ ਅਮਲੇ ਵੱਲੋਂ ਲੰਬੀ ਬਲਾਕ ਦੇ ਦਸ ਪਿੰਡਾਂ ਵਿਚ ਮਜ਼ਦੂਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਅੱਜ ਮੁੱਖ ਮੰਤਰੀ ਵੱਲੋਂ ਕਿਸਾਨ-ਮਜ਼ਦੂਰ ਆਗੂਆਂ ਦੀਆਂ ਮੰਗਾਂ ਮੰਨਣ ਨਾਲ ਇਲਾਕੇ ਦੇ ਬਹੁ-ਗਿਣਤੀ ਪਿੰਡਾਂ ਵਿਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਨੂੰ ਵੀ ਨਰਮਾ ਚੁਗਾਈ ਮੁਆਵਜ਼ਾ ਮਿਲਣ ਦੇ ਹਾਲਾਤ ਬਣ ਗਏ ਹਨ। ਸਿੰਘੇਵਾਲਾ ਅਤੇ ਫਤੂਹੀਵਾਲਾ ਸਮੇਤ ਹੋਰਨਾਂ ਪਿੰਡਾਂ ਵਿੱਚ ਬੀਡੀਪੀਓ ਦਫਤਰ ਦੇ ਅਮਲੇ ਨੇ ਮਜ਼ਦੂਰਾਂ ਦੇ ਨਰਮੇ ਚੁਗਾਈ ਦੀ ਸ਼ਨਾਖ਼ਤ ਕਰ ਕੇ ਲਿਸਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਲੰਬੀ ਦੇ ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਦੱਸਿਆ ਕਿ ਦਸ ਪਿੰਡਾਂ ਵਿਚ ਅੱਜ ਇਜਲਾਸ ਕਾਰਜ ਮੁਕਾ ਲਿਆ ਗਿਆ ਹੈ।