ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਚੱਲ ਰਿਹਾ ‘ਰੇਲ ਰੋਕੋ ਅੰਦੋਲਨ’ ਅੱਜ ਵਰ੍ਹਦੇ ਮੀਂਹ ਅਤੇ ਕੜਾਕੇ ਦੀ ਠੰਢ ਦੌਰਾਨ ਵੀ ਜਾਰੀ ਰਿਹਾ। ਅੰਦੋਲਨ ਦੇ 102ਵੇਂ ਦਿਨ ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਿਜਰਪੁਰਾ ਟੌਲ ਪਲਾਜ਼ੇ ’ਤੇ ਅੱਜ ਸੱਤਵੇਂ ਦਿਨ ਦੀ ਭੁੱਖ ਹੜਤਾਲ ਮੋਹਲੇਧਾਰ ਮੀਂਹ ਦੌਰਾਨ ਵੀ ਜਾਰੀ ਰੱਖੀ ਗਈ। ਅੱਜ ਪਿੰਗਲਵਾੜਾ ਦੀਆਂ ਧੀਆਂ ਨੇ ਭੁੱਖ ਹੜਤਾਲ ਦੀ ਕਮਾਨ ਸੰਭਾਲੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਪਿੰਗਲਵਾੜਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਧਰਨਾ ਸਥਾਨ ’ਤੇ ਹਾਜ਼ਰੀ ਲਵਾਈ।
ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ, ਅੰਗਰੇਜ਼ ਸਿੰਘ ਚਾਟੀਵਿੰਡ ਤੇ ਜਥੇਦਾਰ ਬਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਅੱਜ ਨਿਜਰਪੁਰਾ ਟੌਲ ਪਲਾਜ਼ੇ ’ਤੇ 7ਵੇਂ ਦਿਨ ਲੜੀਵਾਰ ਭੁੱਖ ਹੜਤਾਲ ਦੀ ਕਮਾਨ ਮਨਦੀਪ ਕੌਰ ਨਵਾਂਕੋਟ ਦੀ ਅਗਵਾਈ ਹੇਠ ਛੇ ਧੀਆਂ ਦੇ ਜਥੇ ਨੇ ਸੰਭਾਲੀ। ਇਸ ਜਥੇ ਵਿੱਚ ਤਿੰਨ ਲੜਕੀਆਂ ਰਾਜਸਥਾਨ ਤੋਂ ਅਤੇ ਇੱਕ ਦਸ ਸਾਲ ਦੀ ਬੇਟੀ ਵੀ ਸ਼ਾਮਲ ਹੈ। ਡਾ. ਇੰਦਰਜੀਤ ਕੌਰ ਨੇ ਭੁੱਖ ਹੜਤਾਲ ’ਤੇ ਬੈਠੀਆਂ ਧੀਆਂ ਨੂੰ ਸਿਰੋਪੇ ਤੇ ਸ਼ਾਲਾਂ ਦੇ ਕੇ ਸਨਮਾਨਿਆ। ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਅੱਜ ਕਿਸਾਨ ਅੰਦੋਲਨ ਦੀ ਹਮਾਇਤ ’ਚ ਭੁੱਖ ਹੜਤਾਲ ’ਤੇ ਬੈਠੀਆਂ ਧੀਆਂ ਪਿੰਗਲਵਾੜਾ ਸੰਸਥਾ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਇਕੱਲੇ ਕਿਸਾਨਾਂ ਨਹੀਂ ਹੈ, ਬਲਕਿ ਜਨ ਅੰਦੋਲਨ ਹੈ ਅਤੇ ਹੱਕ ਸੱਚ ਦੀ ਲੜਾਈ ਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਹਮੇਸ਼ਾ ਹੀ ਹੱਕ ਤੇ ਸੱਚ ਨਾਲ ਖੜੀ ਹੈ। ਭੁੱਖ ਹੜਤਾਲ ’ਤੇ ਬੈਠੀ ਹਰਮਨਪਾਲ ਕੌਰ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਤੁਰੰਤ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ।
ਦੂਜੇ ਪਾਸੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਅੱਜ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਕਿਸਾਨਾਂ ਦਾ ਕਾਫ਼ਲਾ ਅੰਦੋਲਨ ’ਚ ਸ਼ਾਮਲ ਹੋਇਆ।
ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮਨੰਗਲ, ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਕੜਾਕੇ ਦੀ ਠੰਢ ਤੇ ਵਰ੍ਹਦੇ ਮੀਂਹ ’ਚ ਖੁੱਲ੍ਹੇ ਅਸਮਾਨ ਹੇਠ ਰਾਤਾਂ ਲੰਘਾ ਰਹੇ ਅੰਦੋਲਨਕਾਰੀ ਕਿਸਾਨਾਂ ਦੇ ਦਰਜਨਾਂ ਸਾਥੀ ਇਸ ਘੋਲ ’ਚ ਆਪਣੀਆਂ ਜਾਨਾਂ ਨਿਛਾਵਰ ਕਰ ਚੁੱਕੇ ਹਨ, ਜਿਨ੍ਹਾਂ ਲਈ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੋਲ ਦੋ ਲਫ਼ਜ਼ ਬੋਲਣ ਦਾ ਵੀ ਸਮਾਂ ਨਹੀਂ ਹੈ, ਜਦ ਕਿ ਪੂੰਜੀਪਤੀਆਂ ਦੇ ਟਾਵਰ ਬੰਦ ਹੋਣ ਕਾਰਨ ਪਏ ਘਾਟੇ ਨੂੰ ਸਰਕਾਰੀ ਜਾਇਦਾਦ ਦੱਸਣ ਲਈ ਵਿਹਲ ਮਿਲ ਗਈ।
ਆਗੂਆਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਮੀਟਿੰਗਾਂ ਰਾਹੀਂ ਹੱਲ ਕੱਢਣ ਦੀ ਗੱਲ ਕਰ ਰਹੇ ਹਨ ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਦੂਜੇ ਰਾਜਾਂ ਵਿੱਚ ਜਾ ਕੇ ਖੇਤੀ ਕਾਨੂੰਨਾਂ ਫਾਇਦੇਮੰਦ ਦੱਸਣ ਲਈ ਲਗਾਤਾਰ ਮੁਹਿੰਮ ਵਿੱਢ ਰਹੇ ਹਨ, ਜਿਸ ਤੋਂ ਸਰਕਾਰ ਦੀ ਨੀਅਤ ਵਿੱਚ ਖੋਟ ਸਾਫ ਝਲਕਦੀ ਹੈ। ਕਿਸਾਨ ਆਗੂਆਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਮਾਰਚ ਤੇ ਹੋਰ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ।