ਜਗਤਾਰ ਸਿੰਘ
ਅੰਮ੍ਰਿਤਸਰ, 11 ਅਪਰੈਲ
ਬਹਬਿਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੀਆਂ ਤਸਵੀਰਾਂ ਅੱਜ ਸ਼੍ਰੋਮਣੀ ਕਮੇਟੀ ਨੇ ਕੇਂਦਰੀ ਸਿੱਖ ਅਜਾਇਬਘਰ ਵਿੱਚ ਸਥਾਪਤ ਕੀਤੀਆਂ ਹਨ। ਇਨ੍ਹਾਂ ਤੋਂ ਇਲਾਵਾ ਪੰਜ ਹੋਰ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਵੀ ਸਥਾਪਤ ਕੀਤੀਆਂ ਗਈਆਂ ਹਨ।
ਬਹਬਿਲ ਕਲਾਂ ਗੋਲੀ ਕਾਂਡ ਤੇ ਬੇਅਦਬੀ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਅੱਜ ਵੀ ਸਿੱਖ ਸੰਗਤ ਵੱਲੋਂ ਧਰਨੇ ਜਾਰੀ ਹਨ। 2015 ਵਿੱਚ ਵਾਪਰੀ ਇਸ ਘਟਨਾ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਸੀ।
ਅਜਾਇਬਘਰ ਵਿੱਚ ਅੱਜ ਲਗਾਈਆਂ ਗਈਆਂ ਤਸਵੀਰਾਂ ਵਿੱਚ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਬੰਸ ਸਿੰਘ ਘੁੰਮਣ, ਹਰਿਮੰਦਰ ਸਾਹਿਬ ਦੀ ਨੱਕਾਸ਼ੀ ’ਚ ਯੋਗਦਾਨ ਪਾਉਣ ਵਾਲੇ ਜੀਐੱਸ ਸੋਹਨ ਸਿੰਘ, ਸੰਤ ਪ੍ਰਿਥੀਪਾਲ ਸਿੰਘ ਸੱਯਦ, ਇੰਜਨੀਅਰ ਡਾ. ਜਸਵੰਤ ਸਿੰਘ ਗਿੱਲ ਤੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀਆਂ ਤਸਵੀਰਾਂ ਵੀ ਸ਼ਾਮਲ ਹਨ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਨਿਭਾਈ।
ਇਸ ਮੌਕੇ ਸ੍ਰੀ ਧਾਮੀ ਨੇ ਕਿਹਾ ਕਿ ਸਿੱਖ ਪੰਥ ਦੀ ਸੇਵਾ ਕਰਨ ਵਾਲੇ ਕੌਮ ਲਈ ਸਤਿਕਾਰਯੋਗ ਹਨ ਤੇ ਸਨਮਾਨ ਵਜੋਂ ਉਨ੍ਹਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬਘਰ ਵਿੱਚ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਹਬਿਲ ਕਲਾਂ ਵਿੱਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਸਿੱਖੀ ਜਜ਼ਬੇ ਦੀ ਮਿਸਾਲ ਹਨ। ਜਥੇਦਾਰ ਹਰਬੰਸ ਸਿੰਘ ਘੁੰਮਣ ਨੇ ਜੋਧਪੁਰ ਬੰਦੀ ਸਿੱਖਾਂ ਦੀ ਰਿਹਾਈ ਲਈ ਅਹਿਮ ਯਤਨ ਕੀਤੇ ਸਨ।
ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਯਾਦ ਰੱਖਦਿਆਂ ਸਨਮਾਨ ਦਿੱਤਾ ਗਿਆ ਹੈ। ਇੰਜਨੀਅਰ ਮਰਹੂਮ ਜਸਵੰਤ ਸਿੰਘ ਗਿੱਲ ਨੇ ਕੋਲੇ ਦੀ ਖਾਨ ਵਿੱਚ ਫਸੇ ਮਜ਼ਦੂਰਾਂ ਦੀ ਜਾਨ ਬਚਾਈ ਸੀ, ਜਿਸ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਐਵਾਰਡ ਵੀ ਮਿਲ ਚੁੱਕਿਆ ਹੈ। ਗਿਆਨੀ ਜਗਤਾਰ ਸਿੰਘ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਦੇ ਫੈ਼ਸਲੇ ਅਨੁਸਾਰ ਅੱਜ ਇਹ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਮੌਕੇ ਇਨ੍ਹਾਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਵੀ ਦਿੱਤੇ ਗਏ।
ਭਗਤ ਨਾਮਦੇਵ ਸਰਾਂ ਦਾ ਨੀਂਹ ਪੱਥਰ ਰੱਖਿਆ
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਵਧ ਰਹੀ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਆਉਣ ਵਾਲੀ ਸੰਗਤ ਦੀ ਰਿਹਾਇਸ਼ ਲਈ ਵਧੇਰੇ ਪ੍ਰਬੰਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਇਕ ਨਵੀਂ ਸਰਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਇਹ ਸਰਾਂ ਕੇਸਰੀ ਬਾਗ ਵਿੱਚ ਭਗਤ ਨਾਮਦੇਵ ਦੇ ਨਾਂ ’ਤੇ ਬਣਾਈ ਜਾਵੇਗੀ। ਇਸ ਦੀ ਕਾਰਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ। ਸਰਾਂ ਦਾ ਨੀਂਹ ਪੱਥਰ ਅੱਜ ਗੁਰਮਤਿ ਰਵਾਇਤਾਂ ਅਨੁਸਾਰ ਰੱਖਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡੋਵਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣਾ, ਬਾਬਾ ਕਸ਼ਮੀਰ ਸਿੰਘ ਭੂਰੀਵਾਲੇ ਤੇ ਹੋਰ ਹਾਜ਼ਰ ਸਨ। ਸ੍ਰੀ ਧਾਮੀ ਨੇ ਦੱਸਿਆ ਕਿ ਅੱਜ ਫੁਹਾਰਾ ਚੌਕ ਨੇੜੇ ਕੇਸਰੀ ਬਾਗ ਵਿੱਚ ਭਗਤ ਨਾਮਦੇਵ ਦੇ ਨਾਂ ’ਤੇ ਸਰਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਬੇਸਮੈਂਟ ਸਣੇ ਇਹ ਇਮਾਰਤ ਅੱਠ ਮੰਜ਼ਿਲਾ ਹੋਵੇਗੀ, ਜਿਸ ਵਿੱਚ 91 ਕਮਰੇ ਤੇ ਸੱਤ ਹਾਲ ਹੋਣਗੇ। ਇਸ ਦੇ ਨਾਲ ਹੀ ਦੋ ਹੋਰ ਸਰਾਵਾਂ ਦੀ ਉਸਾਰੀ ਵੀ ਚੱਲ ਰਹੀ ਹੈ, ਜੋ ਜਲਦੀ ਹੀ ਮੁਕੰਮਲ ਹੋ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਬੰਡਾਲਾ, ਸਰਵਣ ਸਿੰਘ ਕੁਲਾਰ, ਜਰਨੈਲ ਸਿੰਘ ਡੋਗਰਾਂਵਾਲਾ, ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ ਤੇ ਮੰਗਵਿੰਦਰ ਸਿੰਘ ਖਾਪੜਖੇੜੀ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।