ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਸਤੰਬਰ
ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ ਬਾਰੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟਾਈ ਹੈ। ਸ੍ਰੀ ਫੂਲਕਾ ਨੇ ਲਿਖਿਆ, ‘ਤੁਹਾਡਾ ਅਖਬਾਰਾਂ ਵਿੱਚ ਬਿਆਨ ਪੜਿ੍ਹਆ, ਜਿਸ ਵਿੱਚ ਤੁਸੀਂ ਕਿਹਾ ਹੈ ਕੀ ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਜਾਂ ਸਿੱਖ ਫ਼ਰਕ ਨਹੀਂ ਪੈਂਦਾ। ਇਹ ਪੜ੍ਹ ਕੇ ਬੜੀ ਹੈਰਾਨੀ ਹੋਈ।’ ਉਨ੍ਹਾਂ ਲਿਖਿਆ, ‘ਜੇਕਰ ਸਿੱਖਾਂ ਨੇ ਇਸ ਸਿਧਾਂਤ ’ਤੇ ਹੀ ਪਹਿਰਾ ਦੇਣਾ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ ਕਿ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾ ਕੇ ਪੰਜਾਬੀ ਸੂਬਾ ਬਣਵਾਉਣ ਦੀ ਕੀ ਲੋੜ ਸੀ।’ ਉਨ੍ਹਾਂ ਸਵਾਲ ਉਠਾਇਆ ਕਿ ਪਹਿਲਾਂ ਪੁਰਾਣੇ ਪੰਜਾਬ ਵਿੱਚ ਕਦੇ ਹਿੰਦੂ ਮੁੱਖ ਮੰਤਰੀ ਤੇ ਕਦੇ ਸਿੱਖ ਮੁੱਖ ਮੰਤਰੀ ਬਣਦੇ ਸਨ।
ਇਸ ਦੇ ਬਾਵਜੂਦ ਅਕਾਲੀ ਦਲ ਨੇ 1966 ਵਿੱਚ ਵੱਖਰੇ ਸੂਬੇ ਦੀ ਮੰਗ ਕਰਕੇ ਇਹ ਪੰਜਾਬੀ ਸੂਬਾ ਬਣਵਾਇਆ। ਹੁਣ ਅੱਜ ਅਕਾਲੀ ਦਲ ਜਥੇਦਾਰ ਦੇ ਇਸ ਬਿਆਨ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਦੁਨੀਆ ਵਿੱਚ ਇਹ ਸਿੱਖਾਂ ਦਾ ਇੱਕੋ ਇੱਕ ਪੰਜਾਬੀ ਸੂਬਾ ਹੋਵੇਗਾ ਜਿਸ ਵਿੱਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣੇਗਾ। 1966 ਤੋਂ ਬਾਅਦ ਕੋਈ ਵੀ ਪਾਰਟੀ ਪੰਜਾਬ ਦੀ ਸੱਤਾ ’ਚ ਆਈ, ਪਰ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੀ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਪੁਰਾਣੇ ਪੰਜਾਬ ਵਿੱਚ ਹਿੰਦੂ ਮੁੱਖ ਮੰਤਰੀ ਸੀ ਤਾਂ ਅਕਾਲੀ ਦਲ ਨੇ ਪੰਥ ਖ਼ਤਰੇ ਦਾ ਨਾਅਰਾ ਲਾ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾਇਆ। ਉਨ੍ਹਾਂ ਖਦਸ਼ਾ ਜਤਾਇਆ ਕਿ ਹੁਣ ਵੀ ਅਕਾਲੀ ਦਲ ਗ਼ੈਰ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਵਾ ਕੇ ਮੁੜ ਪੰਥ ਨੂੰ ਖ਼ਤਰੇ ਦਾ ਨਾਅਰਾ ਦੇ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦਿਖਾਉਣਾ ਚਾਹੁੰਦਾ ਹੈ ਕਿ ਸਿੱਖਾਂ ਦੇ ਹੱਕਾਂ ਲਈ ਸਿਰਫ਼ ਅਕਾਲੀ ਦਲ ਹੀ ਲੜ ਸਕਦਾ ਹੈ ਤੇ ਦੂਜੀ ਕਿਸੇ ਹੋਰ ਪਾਰਟੀ ਦੇ ਰਾਜ ਵਿੱਚ ਸਿੱਖ ਸੁਰੱਖਿਅਤ ਨਹੀਂ ਹਨ।
ਫੂਲਕਾ ਨੇ ਜਥੇਦਾਰ ਨੂੰ ਲਿਖਿਆ ਕਿ ਬਤੌਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਿਆਸੀ ਮੁੱਦੇ ’ਤੇ ਬਿਆਨ ਦੇਣ ਦਾ ਮਤਲਬ ਹੀ ਨਹੀਂ ਸੀ ਬਣਦਾ। ਜਥੇਦਾਰ ਦੇ ਬਿਆਨ ਦਾ ਇਹ ਮਤਲਬ ਕੱਢਿਆ ਜਾ ਰਿਹਾ ਹੈ ਕਿ ਸਿੱਖਾਂ ਨੇ ਪੰਜਾਬ ਲਈ ਸਿੱਖ ਮੁੱਖ ਮੰਤਰੀ ਦਾ ਹੱਕ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨੂੰ ਮੁੜ ਵਿਚਾਰਨ ਦੀ ਲੋੜ ਹੈ। ਫੂਲਕਾ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਜਥੇਦਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਸਾਰੇ ਸਿੱਖਾਂ ਦੇ ਵਿਚਾਰ ਲੈ ਕੇ ਫੈ਼ਸਲਾ ਕੀਤਾ ਜਾਵੇ ਕਿ ਸਿੱਖ ਕੀ ਚਾਹੁੰਦੇ ਹਨ।
ਜਥੇਦਾਰ ਨੇ ਠੀਕ ਮੌਕੇ ’ਤੇ ਸਹੀ ਪ੍ਰਗਟਾਵਾ ਕੀਤਾ: ਜਾਖੜ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਮੌਕੇ ਸੁਲਝਿਆ ਹੋਇਆ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦਾ ਬਿਆਨ ਐਨ ਸਹੀ ਮੌਕੇ ਆਇਆ ਹੈ ਕਿਉਂਕਿ ਇਸ ਵੇਲੇ ਉੱਚੇ ਅਹੁਦਿਆਂ ’ਤੇ ਬੈਠੇ ਛੋਟੀ ਸੋਚ ਦੇ ਲੋਕ ਨਸਲ/ਜਾਤ/ਪਛਾਣ ਦੇ ਅਧਾਰ ’ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਗੁਰੂ ਦੇ ਸਦੀਵੀ ਸੰਦੇਸ਼ ਨੂੰ ਭੁੱਲ ਰਹੇ ਹਨ। ਯਾਦ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਸਿੱਖ ਹੋਵੇ ਜਾਂ ਹਿੰਦੂ, ਇਹ ਬਾਅਦ ਦੀਆਂ ਗੱਲਾਂ ਹਨ, ਪਹਿਲਾਂ ਚੰਗਾ ਇਨਸਾਨ ਹੋਣਾ ਚਾਹੀਦਾ ਹੈ।