ਗਗਨਦੀਪ ਅਰੋੜਾ
ਲੁਧਿਆਣਾ, 12 ਜੂਨ
ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੇ ਅੱਜ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਮੰਗ ਕੀਤੀ ਕਿ ਉਹ ਆਪਣੇ ਕਾਰਜਕਾਲ ਦੌਰਾਨ ਤਿਆਰ ਕੀਤੀ ਰੇਤ ਮਾਫ਼ੀਆ ਦੀ ਰਿਪੋਰਟ ਨੂੰ ਜਨਤਕ ਕਰਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਹਰ ਤਰ੍ਹਾਂ ਦੇ ਮਾਫ਼ੀਆ ਖ਼ਿਲਾਫ਼ ਤਿਆਰ ਕੀਤੀਆਂ ਰਿਪੋਰਟਾਂ ਜਨਤਕ ਕੀਤੀਆਂ ਜਾਣ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਆਖ਼ਰ ਸੂਬੇ ਵਿੱਚ ਕਿਸ ਦਾ ਰਾਜ ਹੈ।
ਸ੍ਰੀ ਫੂਲਕਾ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ 2017 ਵਿੱਚ ਸਿੱਧੂ ਨੇ ਰੇਤ ਮਾਫੀਆ ’ਤੇ ਕਾਬੂ ਪਾਉਣ ਵਾਸਤੇ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ। ਸ੍ਰੀ ਸਿੱਧੂ ਨੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਸੀ। ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਉਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਖ਼ਤਮ ਕਰਨ ਦਾ ਵਾਅਦਾ ਤਾਂ ਕੀਤਾ ਸੀ ਪਰ ਅਫਸੋਸ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਰੇਤ ਮਾਫੀਆ ਹੋਰ ਵਧਿਆ-ਫੁੱਲਿਆ ਹੈ। ਰੇਤ ਮਾਫੀਆ ਰੋਕਣ ਲਈ ਸਰਕਾਰੀ ਕਾਰਪੋਰੇਸ਼ਨ ਬਣਾਉਣਾ ਬੇਹੱਦ ਜ਼ਰੂਰੀ ਹੈ ਅਤੇ ਅੱਗੋਂ ਪ੍ਰਾਈਵੇਟ ਪਾਰਟੀਆਂ ਨੂੰ ਰੇਤੇ ਦੀ ਮਾਈਨਿੰਗ ਦੀ ਇਜਾਜ਼ਤ ਦੇਣ ਦੀ ਬਜਾਏ, ਸਿਰਫ ਇਹ ਸਰਕਾਰੀ ਕਾਰਪੋਰੇਸ਼ਨ ਹੀ ਰੇਤ ਦੀ ਖਣਨ ਕਰੇ। ਉਨ੍ਹਾਂ ਆਖਿਆ ਕਿ ਸਰਕਾਰ ਦੇ ਸਿਰਫ 6 ਮਹੀਨੇ ਬਾਕੀ ਹਨ ਇਸ ਲਈ ਸਰਕਾਰ ਨੂੰ ਪਿਛਲੀਆਂ ਚੋਣਾਂ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਬਣਾਇਆ ਜਾਵੇ। ਉਨ੍ਹਾਂ ਸ੍ਰੀ ਸਿੱਧੂ ਨੂੰ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਕੋਲੋਂ ਬਹੁਤ ਉਮੀਦਾਂ ਹਨ।