ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਨਵੀਂ ਦਿੱਲੀ, 16 ਜਨਵਰੀ
ਉੱਘੇ ਸਿੱਖ ਵਕੀਲ ਅਤੇ ਸਾਬਕਾ ‘ਆਪ’ ਵਿਧਾਇਕ ਐੱਚਐੱਸ ਫੂਲਕਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਕ ਪੱਤਰ ਭੇਜ ਕੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਵਰਗੀ ਸਿੱਖ ਸੰਸਥਾ ਨੂੰ ਮਹਿਜ਼ ਇੱਕ ਪਰਿਵਾਰ ਤੇ ਸਿਆਸੀ ਪਾਰਟੀ ਲਈ ਵਰਤਿਆ ਜਾ ਰਿਹਾ ਹੈ, ਜੋ ਅਫ਼ਸੋਸ ਦੀ ਗੱਲ ਹੈ। ਉਨ੍ਹਾਂ ਇਹ ਪ੍ਰਤੀਕਿਰਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇੱਕ ਬਿਆਨ ਦੇ ਜਵਾਬ ਵਿੱਚ ਦਿੱਤੀ ਹੈ, ਜਿਸ ਵਿੱਚ ਸ੍ਰੀ ਧਾਮੀ ਨੇ ਕਿਹਾ ਸੀ ਕਿ ਫੂਲਕਾ ਨੂੰ ‘ਆਪ’ ਨੇ ਬਾਹਰ ਕੱਢਿਆ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਉਸ ਨੇ ਖ਼ੁਦ ਪਾਰਟੀ ਛੱਡੀ ਸੀ ਤੇ ਅਸਤੀਫ਼ੇ ਪਿਛਲਾ ਵੱਡਾ ਕਾਰਨ 1984 ਸਿੱਖ ਕਤਲੇਆਮ ਨਾਲ ਜੁੜੇ ਕੇਸ ਸਨ। ਸ੍ਰੀ ਫੂਲਕਾ ਨੇ ਕਿਹਾ ਕਿ ਇਸ ਮਾਮਲੇ ਵਿੱਚ 34 ਸਾਲਾਂ ਬਾਅਦ ਹਾਈਕੋਰਟ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਕੇਸ ਦੀ ਸੁਣਵਾਈ ਸੀ ਤੇ ਅਹੁਦਾ ਹੋਣ ਕਾਰਨ ਬਾਰ ਕੌਂਸਲ ਨੇ ਉਸ ਨੂੰ ਇਹ ਕੇਸ ਲੜਨ ਤੋਂ ਮਨਾ ਕਰ ਦਿੱਤਾ ਸੀ। ਉਸ ਵੇਲੇ ਆਪਣਾ ਫਰਜ਼ ਸਮਝਦਿਆਂ ਫੂਲਕਾ ਨੇ ਸਿਆਸਤ ਛੱਡ ਕੇ ਕੇਸ ਲੜਨ ਨੂੰ ਤਰਜੀਹ ਦਿੱਤੀ ਸੀ। ਜਿਸ ਮਗਰੋਂ ਕੇਸ ਜਿੱਤਿਆ ਵੀ ਗਿਆ ਤੇ ਸੱਜਣ ਕੁਮਾਰ ਨੂੰ ਸਜ਼ਾ ਵੀ ਹੋਈ। ਉਨ੍ਹਾਂ ਇਹ ਵੀ ਲਿਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਕਿਸੇ ਵੀ ਧਰਮ ਦਾ ਹੋਣ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਉਚਿਤ ਨਹੀਂ ਹੈ। ਜਦੋਂ ਪੰਜਾਬ ਸੂਬਾ ਬਣਿਆ ਸੀ ਤਾਂ ਅਕਾਲੀ ਦਲ ਵੱਲੋਂ ਆਖਿਆ ਗਿਆ ਸੀ ਕਿ ਪੰਜਾਬੀ ਸੂਬਾ ਬਣਾਉਣ ਦਾ ਲਾਭ ਹੋਵੇਗਾ ਕਿ ਇਸ ਦਾ ਮੁੱਖ ਮੰਤਰੀ ਹਮੇਸ਼ਾ ਸਿੱਖ ਵਿਅਕਤੀ ਹੀ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਇਸ ਧਾਰਮਿਕ ਸੰਸਥਾ ਨੂੰ ਆਪਣੇ ਸਿਆਸੀ ਲਾਹੇ ਲਈ ਵਰਤ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਖਿਆ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਤੋਂ ਇਹ ਬਿਆਨ ਵਾਪਸ ਕਰਵਾਉਣ।