ਸਰਬਜੀਤ ਗਿੱਲ
ਫਿਲੌਰ, 12 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੁਗਿੰਦਾਰ ਸਿੰਘ ਉਗਰਾਹਾਂ ਨੇ ਪਿੰਡ ਮੁਠੱਡਾ ਕਲਾਂ ‘ਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਾਈ ਮੋਦੀ ਨਾਲ ਨਹੀਂ ਸਗੋਂ ਡਬਲਿਊਟੀਓ ਨਾਲ ਹੈ ਅਤੇ ਹੁਣ ਤੱਕ ਇਸ ਅੰਦੋਲਨ ਨੇ ਬਹੁਤ ਅਹਿਮ ਪ੍ਰਾਪਤੀਆਂ ਕਰ ਵੀ ਲਈਆਂ ਹਨ। ਪ੍ਰਾਪਤੀਆਂ ਦੀ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਈ ਰਾਜਾਂ ‘ਚ ਟੌਲ ਪਲਾਜ਼ੇ ਮੁਫ਼ਤ ਹੋ ਗਏ ਹਨ ਅਤੇ ਲੋਕਾਂ ਨੂੰ ਕਾਰਪੋਰੇਟਾਂ ਬਾਰੇ ਪਤਾ ਲੱਗ ਗਿਆ ਹੈ। ਔਰਤਾਂ ਸਰਗਰਮ ਹੋ ਗਈਆਂ ਹਨ ਅਤੇ ਨੌਜਵਾਨਾਂ ਨੇ ਨਸ਼ਿਆਂ ਦਾ ਲੱਗਾ ਦਾਗ ਉਤਾਰ ਕੇ ਰੱਖ ਦਿੱਤਾ ਹੈ। ਉਗਰਾਹਾਂ ਨੇ ਅੱਗੇ ਕਿਹਾ ਕਿ 20 ਕਰੋੜ ਮੀਟ੍ਰਿਕ ਟਨ ਅਨਾਜ ਸਟੋਰ ਕਰਨ ਵਾਲੀਆਂ ਕੰਪਨੀਆਂ ਨੂੰ ਪਾਸੇ ਕਰਨਾ ਮੋਦੀ ਦੇ ਵੱਸ ‘ਚ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿੱਤ ਕੇ ਹੀ ਦਿੱਲੀ ਤੋਂ ਵਾਪਸ ਮੁੜਨਗੇ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜ ਰਾਜਾਂ ਦੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੋਟਾਂ ‘ਚ ਵਿਸ਼ਵਾਸ ਨਹੀਂ ਰੱਖਦੀ ਅਤੇ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨਾਂ ਤੋਂ ਟਰੈਕਟਰ ਨਹੀਂ ਲਿਆ ਜਾਂਦਾ ਪਰ ਅਡਾਨੀਆਂ ਨੇ ਰੇਲ ਗੱਡੀਆਂ ਲੈ ਲਈਆ ਹਨ। ਮਜ਼ਦੂਰ ਅਧਿਕਾਰ ਸੰਗਠਨ ਨਵੀਂ ਦਿੱਲੀ ਦੀ ਆਗੂ ਨੌਦੀਪ ਕੌਰ ਨੇ ਸਨਅਤੀ ਕਾਮਿਆਂ ਦੇ ਹੱਕੀ ਘੋਲ ਉਪਰ ਵਹਿਸ਼ੀ ਹੱਲਾ ਬੋਲਣ ਕਾਰਨ ਉਸ ’ਤੇ ਢਾਹੇ ਜਬਰ ਦੀ ਲੂ ਕੰਡੇ ਖੜੇ ਕਰਨ ਵਾਲੀ ਦਾਸਤਾਂ ਸੁਣਾਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੀ ਜਿੱਤ ਹੋਵੇਗੀ। ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਾਰਕੁਨਾਂ ਨੂੰ ਯਾਦ ਕਰਨ ਲਈ ਮਤਾ ਪੇਸ਼ ਕੀਤਾ ਅਤੇ ਹਾਜ਼ਰੀਨ ਨੇ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਦੇ ਟਰਸਟੀ ਸੁਰਿੰਦਰ ਕੁਮਾਰੀ ਕੋਛੜ, ਨਾਮਧਾਰੀ ਲਹਿਰ ਦੇ ਖੋਜੀ ਲੇਖਕ ਸੁਵਰਨ ਸਿੰਘ ਵਿਰਕ, ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ, ਹਰਮਿੰਦਰ ਸਿੰਘ ਖਹਿਰਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪਿੰਡ ਦੇ ਸਰਪੰਚ ਕਾਂਤੀ ਮੋਹਣ ਨੇ ਅੰਤ ‘ਚ ਧੰਨਵਾਦ ਕੀਤਾ। ਇਸ ਮੌਕੇ ਡਾ. ਪਰਮਿੰਦਰ ਸਿੰਘ, ਹਰਮੇਸ਼ ਮਾਲੜੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਰਨਲ ਸਕੱਤਰ ਰਾਜਿੰਦਰ ਸਿੰਘ ਭਦੌੜ ਆਦਿ ਨੇ ਹਾਜ਼ਰੀ ਲਵਾਈ। ਮੰਚ ਸੰਚਾਲਨ ਦੀ ਭੂਮਿਕਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਜਲੰਧਰ ਦੇ ਆਗੂ ਬਲਵੰਤ ਸਿੰਘ ਮਲਸੀਹਾਂ ਅਤੇ ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਮੁਠੱਡਾ ਕਲਾਂ ਦੇ ਆਗੂ ਸਰਵਜੀਤ ਮਹਿਮੀ ਨੇ ਨਿਭਾਈ।