ਖੇਤਰੀ ਪ੍ਰਤੀਨਿਧ
ਪਟਿਆਲਾ, 27 ਜੂਨ
ਡੇਢ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਠੇਕੇ ’ਤੇ ਕੰਮ ਕਰ ਰਹੇ ਰੂਰਲ ਫਾਰਮਾਸਿਸਟਾਂ ਅਤੇ ਚੌਥਾ ਦਰਜਾ ਮੁਲਾਜ਼ਮਾਂ ਦੀ ਸੇਵਾਵਾਂ ਰੈਗੂਲਰ ਕਰਵਾਉਣ ਤੇ ਹੜਤਾਲ ਟਾਲਣ ਲਈ ਪੰਚਾਇਤ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹੀ। ਇਸ ਕਾਰਨ ਕਰੋਨਾ ਸਬੰਧੀ ਐਮਰਜੈਂਸੀ ਡਿਊਟੀਆਂ ਦਾ ਬਾਈਕਾਟ ਕਰਦਿਆਂ, ਫਾਰਮਾਸਿਸਟਾਂ ਨੇ ਅੱਜ ਨੌਵੇਂ ਦਿਨ ਵੀ ਪੰਜਾਬ ਭਰ ਵਿਚ ਧਰਨੇ ਲਾਏ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ। ਇਸ ਦੌਰਾਨ ਸੇਵਾਵਾਂ ਰੈਗੂਲਰ ਕਰਨ ਦੀ ਇਕ ਨੁਕਾਤੀ ਮੰਗ ਦੀ ਪੂਰਤੀ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।
ਜਥੇਬੰਦੀ ਦੇ ਸੂਬਾਈ ਬੁਲਾਰੇ ਸਵਰਤ ਸ਼ਰਮਾ ਨੇ ਦੱਸਿਆ ਕਿ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਇਹ ਤਰਕ ਦਿੱਤਾ ਗਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਚੰਡੀਗੜ੍ਹ ਹੋਣ ਕਾਰਨ ਇਹ ਮੀਟਿੰਗ ਹੁਣ ਸੋਮਵਾਰ ਜਾਂ ਮੰਗਲਵਾਰ ਨੂੰ ਕੀਤੀ ਜਾਵੇਗੀ। ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਉਹ 14 ਸਾਲਾਂ ਤੋਂ ਦਸ ਹਜ਼ਾਰ ਰੁਪਏ ਤਨਖਾਹ ’ਤੇ ਹੀ ਪੰਜਾਬ ਭਰ ਦੀਆਂ 1186 ਪੇਂਡੂ ਡਿਸਪੈਂਸਰੀਆਂ ਵਿਚ ਡਿਊਟੀਆਂ ਨਿਭਾ ਰਹੇ ਹਨ ਪਰ ਸਰਕਾਰ ਸੇਵਾਵਾਂ ਰੈਗੂਲਰ ਕਰਨ ਪ੍ਰਤੀ ਸੰਜੀਦਾ ਨਹੀਂ ਹੈ। ਇਸ ਕਾਰਨ ਅੱਜ ਵੀ ਡਿਊਟੀਆਂ ਦਾ ਬਾਈਕਾਟ ਕਰ ਕੇ ਪੰਜਾਬ ਭਰ ’ਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ ਗਏ, ਜਿਨ੍ਹਾਂ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਤ ਰਾਮ ਨੇ ਕੀਤੀ। ਉਧਰ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਾਂ ਪਟਿਆਲਾ ਵਿਚ ਵੀ ਏਡੀਸੀ (ਵਿਕਾਸ) ਦੇ ਦਫ਼ਤਰ ਬਾਹਰ ਧਰਨਾ ਜਾਰੀ ਰਿਹਾ।