ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਜੁਲਾਈ
ਚੌਦਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਨਾਲ ਸਾਰ ਰਹੇ ਪੰਜਾਬ ਭਰ ਦੇ 1186 ਰੂਰਲ ਫਾਰਮਾਸਿਸਟਾਂ ਅਤੇ ਏਨੇ ਹੀ ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸ਼ੁਰੂ ਕੀਤੀ ਗਈ ਸੂਬਾਈ ਹੜਤਾਲ ਚੌਦਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਕਰੋਨਾ ਸਬੰਧੀ ਐਮਰਜੈਂਸੀ ਡਿਊਟੀਆਂ ਦਾ ਬਾਈਕਾਟ ਕਰਕੇ ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਤ ਰਾਮ ਦੀ ਅਗਵਾਈ ਹੇਠਾਂ ਪੰਜਾਬ ਭਰ ਵਿੱਚ ਧਰਨੇ ਦਿੱਤੇ ਗਏ। ਸਰਕਾਰ ਵੱਲੋਂ ਕੋਈ ਸਾਰ ਨਾ ਲਏ ਜਾਣ ’ਤੇ ਆਪਣੇ ਇਸ ਸੰਘਰਸ਼ ਨੂੰ ਅੱਗੇ ਵਧਾਉਂਦਿਆਂ ਜਥੇਬੰਦੀ ਨੇ ਪੰਜਾਬ ਨੂੰ ਤਿੰਨਾ ਜ਼ੋਨਾਂ ’ਚ ਵੰਡ ਕੇ 4 ਜੁਲਾਈ ਨੂੰ ਮੁੱਖ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਸਮੇਤ ਪੰਚਾਇਤ ਮੰਤਰੀ ਅਤੇ ਵਿੱਤ ਮੰਤਰੀ ਦੀਆਂ ਰਿਹਾਇਸ਼ਾਂ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਹੈ। ਜਥੇਬੰਦੀ ਦੇ ਮੁੱਖ ਬੁਲਾਰੇ ਸਵਰਤ ਸ਼ਰਮਾ ਪਟਿਆਲਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਭਰਤੀ 14 ਸਾਲ ਪਹਿਲਾਂ ਪੂਰੇ ਪਾਰਦਰਸ਼ੀ ਢੰਗ ਨਾਲ਼ ਹੋਈ ਸੀ ਤੇ ਉਹ ਰੈਗੂਲਰ ਹੋਣ ਸਬੰਧੀ ਨਿਰਧਾਰਤ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਆਪਣੇ ਹਿੱਸੇ ਦੇ ਕੰਮ ਤੋਂ ਬਿਨਾਂ ਉਹ ਹਮੇਸ਼ਾ ਹੀ ਵਾਧੂ ਕੰਮ ਵੀ ਕਰਦੇ ਆ ਰਹੇ ਹਨ। ਹੁਣ ਕਰੋਨਾ ਮਹਾਮਾਰੀ ’ਚ ਵੀ ਉਹ ਮੂਹਰਲੀ ਕਤਾਰ ’ਚ ਡਿਊਟੀਆਂ ਨਿਭਾਉਂਦੇ ਰਹੇ ਹਨ। ਬਾਵਜੂਦ ਇਸ ਦੇ ਸਰਕਾਰ ਨੇ ਉਨ੍ਹਾਂ ਬਾਰੇ ਉੱਕਾ ਹੀ ਕੁਝ ਨਹੀਂ ਸੋਚਿਆ। ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਅਮਰਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਇਥੇ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿਖੇ ਦਿੱਤੇ ਗਏ ਧਰਨੇ ਦੌਰਾਨ ਹੜਤਾਲ਼ੀ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਖੂਬ ਪਿੱਟ ਸਿਆਪਾ ਕੀਤਾ। ਇਸ ਧਰਨੇ ਵਿੱਚ ਦਵਿੰਦਰ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਸਤਵੀਰ ਸਿੰਘ, ਪ੍ਰਦੀਪ ਕੁਮਾਰ, ਨਰਿੰਦਰ ਸ਼ਰਮਾ, ਜਤਿੰਦਰਪਾਲ ਸਿੰਘ, ਸੰਦੀਪ ਸਿੰਘ, ਬ੍ਰਹਮਨਾਥ, ਗੁਰਮੀਤ ਸਿੰਘ ਲੰਗ, ਪਲਜਿੰਦਰ ਕੌਰ ਅਤੇ ਗੁਰਚਰਨ ਸਿੰਘ ਆਦਿ ਸ਼ਾਮਿਲ ਹੋਏ।