ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਫਰਵਰੀ
ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਬਠਿੰਡਾ, ਰਾਜਪੁਰਾ ਤੇ ਵਜ਼ੀਰਾਬਾਦ ’ਚ ਛੇਤੀ ਤਿੰਨ ਫਾਰਮਾ/ਮੈਡੀਕਲ ਪਾਰਕ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ ਦੋ ਮੈਡੀਕਲ ਪਾਰਕਾਂ ਲਈ ਭਾਰਤ ਸਰਕਾਰ ਨੂੰ ਪਹਿਲਾਂ ਹੀ ਤਜਵੀਜ਼ ਭੇਜੀ ਜਾ ਚੁੱਕੀ ਹੈ। ਭਾਰਤ ਸਰਕਾਰ ਦੀ ਯੋਜਨਾ ਤਹਿਤ ਬਠਿੰਡਾ ਵਿੱਚ ਲਗਪਗ 1800 ਕਰੋੜ ਰੁਪਏ ਦੀ ਲਾਗਤ ਨਾਲ 1300 ਏਕੜ ਵਿੱਚ ਵੱਡੇ ਡਰੱਗ ਫਾਰਮਾ ਪਾਰਕ ਦੀ ਸਥਾਪਨਾ ਦੀ ਤਜਵੀਜ਼ ਤਿਆਰ ਕੀਤੀ ਗਈ ਹੈ, ਜੋ ਭਾਰਤ ਸਰਕਾਰ ਦੀ ਪ੍ਰਵਾਨਗੀ ਲਈ ਅਕਤੂਬਰ ਮਹੀਨੇ ਭੇਜੀ ਜਾ ਚੁੱਕੀ ਹੈ।
ਇਸੇ ਤਰ੍ਹਾਂ ਪਿੰਡ ਵਜ਼ੀਰਾਬਾਦ, ਫ਼ਤਹਿਗੜ੍ਹ ਸਾਹਿਬ ਵਿੱਚ 130.32 ਏਕੜ ਖੇਤਰ ਵਿੱਚ ਗਰੀਨ ਫੀਲਡ ਪ੍ਰਾਜੈਕਟ ਦੀ ਸਥਾਪਨਾ ਕੀਤੀ ਜਾਵੇਗੀ। ਵਜ਼ੀਰਾਬਾਦ ਫਾਰਮਾ ਪਾਰਕ, ਪੀ.ਐੱਸ.ਆਈ.ਈ.ਸੀ. ਵੱਲੋਂ ਆਧੁਨਿਕ ਢੰਗ ਨਾਲ ਤਿਆਰ ਕੀਤਾ ਜਾਵੇਗਾ।
ਉਦਯੋਗਿਕ ਪਾਰਕ ਲਈ ਚਾਂਦਲਰ ਇੰਸਟੀਚਿਊਟ ਨਾਲ ਹੱਥ ਮਿਲਾਇਆ
ਚੰਡੀਗੜ੍ਹ: ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਨੇ ਉਦਯੋਗਿਕ ਪਾਰਕ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਲਈ ਚਾਂਦਲਰ ਇੰਸਟੀਚਿਊਟ ਆਫ ਗਵਰਨੈਂਸ (ਸੀਆਈਜੀ), ਸਿੰਗਾਪੁਰ ਨਾਲ ਮਿਲ ਕੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ। 3 ਮਾਰਚ ਤਕ ਚੱਲਣ ਵਾਲੇ ਵਰਚੁਅਲ ਪ੍ਰੋਗਰਾਮ ਵਿੱਚ ਪੀਐੱਸਆਈਈਸੀ ਦੇ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਦਫ਼ਤਰਾਂ ਤੋਂ 40 ਤੋਂ ਵੱਧ ਅਧਿਕਾਰੀ ਹਿੱਸਾ ਲੈ ਰਹੇ ਹਨ। ਪ੍ਰੋਗਰਾਮ ਦਾ ਸੰਚਾਲਨ ਸੀਆਈਜੀ ਦੇ ਸਰੋਤ ਮਾਹਿਰ ਲਿਮ ਚਿਨ ਚੋਂਗ ਨੇ ਕੀਤਾ ਹੈ। ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਐੱਸ.ਪੀ ਸਿੰਘ ਅਤੇ ਚੀਫ਼ ਇੰਜਨੀਅਰ ਜੇ. ਐੱਸ. ਭਾਟੀਆ ਨੇ ਕਿਹਾ ਕਿ ਇਹ ਸੈਸ਼ਨ ਸਫ਼ਲ ਸਿਖਲਾਈ ਪ੍ਰਦਾਨ ਕਰਨਗੇ।