ਜਸਬੀਰ ਸਿੰਘ ਚਾਨਾ
ਫਗਵਾੜਾ, 9 ਜਨਵਰੀ
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ ਕਾਰਨ ਇੱਥੇ ਮੁਹੱਲਾ ਪੀਪਾਰੰਗੀ ਵਿੱਚ ਅੱਜ ਤੜਕਸਾਰ ਇਕ ਦੁੱਧ ਦੀ ਡੇਅਰੀ ਦੀ ਛੱਤ ਡਿੱਗਣ ਕਾਰਨ ਛੱਤ ਹੇਠਾਂ ਸੁੱਤੇ ਪਏ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਗਾਤਾਰ ਪਏ ਮੀਂਹ ਕਾਰਨ ਛੱਤ ਡਿੱਗ ਗਈ, ਜਿਸ ਕਾਰਨ ਹੇਠਾਂ ਸੁੱਤੇ ਪਏ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਇਸ ਦੌਰਾਨ ਹੇਠਾਂ ਮਲਬੇ ਹੇਠ ਦੱਬ ਕੇ ਦੋ ਮੱਝਾਂ ਵੀ ਮਰ ਗਈਆਂ ਜਦਕਿ ਤਿੰਨ ਮੱਝਾਂ ਨੂੰ ਲੋਕਾਂ ਨੇ ਬਚਾਅ ਲਿਆ। ਮ੍ਰਿਤਕਾਂ ਦੀ ਪਛਾਣ ਸੁਦਰਸ਼ਨ ਕੁਮਾਰ ਤੇ ਮਾਨ ਸਿੰਘ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਵਿੱਚ ਬਹਾਦਰ ਤੇ ਕ੍ਰਿਸ਼ਨ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦੇ ਸਾਰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਅਨੀਤਾ ਸੋਮ ਪ੍ਰਕਾਸ਼ ਮੌਕੇ ਉੱਤੇ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ।