ਪਾਲ ਸਿੰਘ ਨੌਲੀ/ਜਸਬੀਰ ਸਿੰਘ ਚਾਨਾ
ਜਲੰਧਰ/ਫਗਵਾੜਾ, 15 ਜਨਵਰੀ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਫਗਵਾੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਟਰੈਕਟਰ ਮਾਰਚ ਦਾਣਾ ਮੰਡੀ ਤੋਂ ਸ਼ੁਰੂ ਹੋਇਆ। ਇਸ ਟਰੈਕਟਰ ਮਾਰਚ ਵਿਚ 8000 ਟਰੈਕਟਰ ਸ਼ਾਮਲ ਸਨ ਤੇ ਕਰੀਬ 12000 ਕਿਸਾਨਾਂ ਨੇ ਹਿੱਸਾ ਲਿਆ। ਅੱਜ ਦੋਆਬੇ ਤਿੰਨ ਟਰੈਕਟਰ ਮਾਰਚ ਹੋਏ। ਇਕ ਫਗਵਾੜਾ ਦੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਜਲੰਧਰ ਪਹੁੰਚਿਆ ਤੇ ਦੂਜਾ ਟਰੈਕਟਰ ਮਾਰਚ ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਸ਼ੁਰੂ ਹੋ ਕੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਗਿਆ ਤੇ ਦਿੱਲੀ ਦੇ 26 ਜਨਵਰੀ ਦੀ ਕਿਸਾਨ ਪਰੇਡ ਲਈ ਲਾਮਬੰਦ ਕੀਤੀ।
ਪਾਤੜਾਂ(ਗੁਰਨਾਮ ਸਿੰਘ ਚੌਹਾਨ): ਦਿੱਲੀ ਵਿੱਚ ਕਿਸਾਨ ਪਰੇਡ ਲਈ ਲੋਕਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿੱਚ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰਾਂ ਨਾਲ ਸ਼ਮੂਲੀਅਤ ਕੀਤੀ। ਮਾਰਚ ਦੀ ਸ਼ੁਰੂਆਤ ਅਨਾਜ ਮੰਡੀ ਪਾਤੜਾਂ ਤੋਂ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਦਰਜਨਾਂ ਪਿੰਡਾਂ ਵਿੱਚ ਗਿਆ।
ਟਰੈਕਟਰ ਮਾਰਚ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕਿਹਾ ਹੈ ਕਿ ਮਾਰਚ ਵਿੱਚ ਜਥੇਬੰਦੀ ਦੇ ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ, ਕਿਸਾਨ ਆਗੂ ਸਾਹਿਬ ਸਿੰਘ ਦੁਤਾਲ, ਸੁਖਦੇਵ ਸਿੰਘ ਹਰਿਆਊ, ਸੂਬੇਦਾਰ ਨਰਾਤਾ ਸਿੰਘ, ਜਸਕਰਨ ਸਿੰਘ ਸ਼ੁਤਰਾਣਾ ਅਤੇ ਬੁੱਢਾ ਸਿੰਘ ਦਤਾਲ ਹਾਜ਼ਰ ਸਨ।