ਜਸਬੀਰ ਸਿੰਘ ਚਾਨਾ
ਫਗਵਾੜਾ, 15 ਮਈ
ਇਥੋਂ ਦੀ ਪੁਲੀਸ ਨੇ ਇਥੋਂ ਦੇ ਪ੍ਰਮੁੱਖ ਘਰਾਣੇ ਦੇ ਪੁੱਤਰ ਤੇ ਉਸ ਦੇ ਸਾਥੀਆਂ ਨੂੰ ਪੰਜ ਕਿਲੋ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਚਾਹਲ ਨਗਰ ਇਲਾਕੇ ’ਚ ਸੀਆਈਏ ਇੰਚਾਰਜ ਸਿਕੰਦਰ ਸਿੰਘ ਦੀ ਅਗਵਾਈ ’ਚ ਕੀਤੀ ਛਾਪੇਮਾਰੀ ਦੌਰਾਨ ਹਰਪ੍ਰੀਤ ਸਿੰਘ ਉਰਫ਼ ਸੰਨੀ ਨੂੰ ਕਾਬੂ ਕੀਤਾ, ਜਿਸ ਪਾਸੋਂ ਦੋ ਕਿਲੋ ਅਫ਼ੀਮ ਪੁਲੀਸ ਨੇ ਬਰਾਮਦ ਕਰ ਲਈ। ਪੁੱਛ ਪੜਤਾਲ ਦੌਰਾਨ ਉ ਕੋਲ ਕੰਮ ਕਰਨ ਵਾਲੇ ਦੋ ਕਰਿੰਦੇ ਬਲਵੰਤ ਰਾਏ ਉਰਫ਼ ਕਾਕੂ ਵਾਸੀ ਖੇੜਾ ਕਲੋਨੀ ਫਗਵਾੜਾ ਤੇ ਧਰਮਵੀਰ ਉਰਫ਼ ਓਮ ਪ੍ਰਕਾਸ਼ ਵਾਸੀ ਡੱਡਲ ਮੁਹੱਲਾ ਫਗਵਾੜਾ ਤੇ ਦੁਕਾਨ ’ਤੇ ਕੰਮ ਕਰਨ ਵਾਲਾ ਸਤਪਾਲ ਸੰਧੂ ਵਾਸੀ ਡੱਡਲ ਮੁਹੱਲਾ ਫਗਵਾੜਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ 1-1 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਹਰਪ੍ਰੀਤ ਸਿੰਘ ਗਊਸ਼ਾਲਾ ਰੋਡ ’ਤੇ ਰੈਡੀਮੇਟ ਕੱਪੜਿਆਂ ਦਾ ਕਾਰੋਬਾਰੀ ਹੈ, ਜਿਸ ਕੋਲ ਬਲਵੰਤ ਰਾਏ ਤੇ ਧਰਮਵੀਰ ਕੰਮ ਕਰਦੇ ਹਨ, ਜਦਕਿ ਸਤਪਾਲ ਸੰਧੂ ਕਿਸੇ ਹੋਰ ਕੱਪੜੇ ਵਾਲੀ ਦੁਕਾਨ ਦਾ ਕਰਿੰਦਾ ਹੈ। ਇਨ੍ਹਾਂ ਨੇ ਮਿਲ ਕੇ ਆਪਣਾ ਗਰੁੱਪ ਬਣਾਇਆ ਹੋਇਆ ਹੈ। ਇਹ ਰਾਜਸਥਾਨ ਤੋਂ ਸਸਤੇ ਭਾਅ ’ਤੇ ਨਸ਼ਾ ਮੰਗਵਾ ਕੇ ਮਹਿੰਗੇ ਭਾਅ ਵੇਚਦੇ ਸਨ। ਬਲਵੰਤ ਰਾਏ ਕਾਂਗਰਸ ਦਾ ਚੰਗਾ ਕਾਰਕੁਨ ਦੱਸਿਆ ਜਾ ਰਿਹਾ ਹੈ। ਇਸ ਮੌਕੇ ਐੱਸਪੀ (ਡੀ) ਜਗਜੀਤ ਸਿੰਘ ਸਰੋਆ, ਐੱਸਪੀ ਹਰਿੰਦਰਪਾਲ ਸਿੰਘ ਪਰਮਾਰ, ਡੀਐੱਸਪੀ ਅੰਮ੍ਰਿਤ ਸਰੂਪ ਡੋਗਰਾ, ਡੀਐੱਸਪੀ ਅਛਰੂ ਰਾਮ ਸ਼ਰਮਾ, ਸੀਆਈਏ ਸਟਾਫ਼ ਇੰਚਾਰਜ ਸਿਕੰਦਰ ਸਿੰਘ ਸਮੇਤ ਕਈ ਪੁਲੀਸ ਅਧਿਕਾਰੀ ਸ਼ਾਮਲ ਸਨ।