ਪੱਤਰ ਪ੍ਰੇਰਕ
ਚੰਡੀਗੜ੍ਹ, 3 ਅਗਸਤ
ਕੋਵਿਡ-19 ਲਈ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਵੈਕਸੀਨ ਦੀ ਟੈਸਟਿੰਗ (ਕਲੀਨੀਕਲ ਟਰਾਇਲ) ਲਈ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਪੀਜੀਆਈ ਨੂੰ ਵੀ ਚੁਣਿਆ ਹੈ। ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਤੋਂ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਮਧੂ ਨੇ ਦੱਸਿਆ ਕਿ ਸੰਸਥਾ ਵੱਲੋਂ ਉਕਤ ਕੋਵਿਡ-19 ਸਬੰਧੀ ਵੈਕਸੀਨ ਦੇ ਟਰਾਇਲ ਅਗਲੇ ਮਹੀਨੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਜੋ ਕਿ 1600 ਸਿਹਤਮੰਦ ਬਾਲਗਾਂ ’ਤੇ ਇਹ ਟਰਾਇਲ ਕੀਤੇ ਜਾਣਗੇ। ਇਸ ਕੰਮ ਲਈ ਪੀਜੀਆਈ ਵੱਲੋਂ ਇਸ ਵੈਕਸੀਨ ਲਈ ਟਰਾਇਲ ਦੇ ਇੱਛੁਕ ਲੋਕਾਂ ਨੂੰ ਬੁਲਾਉਣ ਲਈ ਬਕਾਇਦਾ ਇਸ਼ਤਿਹਾਰ ਦਿੱਤੇ ਜਾਣਗੇ। ਉਨ੍ਹਾਂ ਵਿਅਕਤੀਆਂ ਤੋਂ ਬਕਾਇਦਾ ਸਹਿਮਤੀ ਫਾਰਮ ਭਰਵਾਉਣ ਮਗਰੋਂ ਹੀ ਸਾਰੇ ਟੈਸਟ ਕੀਤੇ ਜਾਣਗੇ ਤੇ ਪੂਰੀ ਤਰ੍ਹਾਂ ਤੰਦਰੁਸਤ ਵਿਅਕਤੀ ਉਤੇ ਹੀ ਇਹ ਟਰਾਇਲ ਹੋਣਗੇ।
ਡਾ. ਮਧੂ ਨੇ ਦੱਸਿਆ ਕਿ ਜਿਹੜੇ ਲੋਕ ਮਨੁੱਖਤਾ ਦੀ ਸੇਵਾ ਦੇ ਮੱਦੇਨਜ਼ਰ ਖ਼ੁਦ ਨੂੰ ਟਰਾਇਲ ਵਿੱਚ ਸ਼ਾਮਿਲ ਕਰਵਾਉਣਾ ਚਾਹੁੰਦੇ ਹੋਣਗੇ, ਉਨ੍ਹਾਂ ਦਾ ਪੀਜੀਆਈ ਤੱਕ ਆਉਣ ਜਾਣ ਦਾ ਸਾਰਾ ਖਰਚ ਪੀਜੀਆਈ ਵੱਲੋਂ ਕੀਤਾ ਜਾਵੇਗਾ ਅਤੇ 6 ਮਹੀਨਿਆਂ ਤੱਕ ਉਸ ਵਿਅਕਤੀ ਦੀ ਦੇਖਭਾਲ ਕੀਤੀ ਜਾਵੇਗੀ। ਇੱਥੋਂ ਤੱਕ ਜੇਕਰ ਉਸ ਵਿਅਕਤੀ ਨੂੰ ਇਸ 6 ਮਹੀਨਿਆਂ ਦੇ ਟਰਾਇਲ ਦੌਰਾਨ ਵੈਕਸੀਨ ਕਾਰਨ ਕੋਈ ਵੀ ਸਰੀਰਕ ਸਮੱਸਿਆ ਆ ਜਾਂਦੀ ਹੈ ਤਾਂ ਵੀ ਉਸ ਮਰੀਜ਼ ਦਾ ਪੂਰਾ ਇਲਾਜ ਪੀਜੀਆਈ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦੀ ਪਹਿਲੀ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਟਰਾਇਲ ਬਿਲਕੁਲ ਸੁਰੱਖਿਅਤ ਹੈ।