ਗਗਨਦੀਪ ਅਰੋੜਾ
ਲੁਧਿਆਣਾ, 25 ਜੂਨ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਨੇ ਘਰ ਵਿਚ ਕੁੱਤਾ ਜਾਂ ਬਿੱਲੀ ਰੱਖਣ ਦੇ ਸ਼ੌਕੀਨਾਂ ’ਤੇ ਨਵੀਂ ਫ਼ੀਸ ਲਗਾ ਦਿੱਤੀ ਹੈ। ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਸ਼ਹਿਰ ਦੇ ਜਿਨ੍ਹਾਂ ਲੋਕਾਂ ਨੇ ਘਰਾਂ ਵਿਚ ਪਾਲਤੂ ਜਾਨਵਰ ਰੱਖੇ ਹੋਏ ਹਨ, ਉਨ੍ਹਾਂ ਨੂੰ ਨਗਰ ਨਿਗਮ ਤੋਂ ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਇਸ ਦੀ ਸ਼ੁਰੂਆਤ ਅੱਜ ਲੁਧਿਆਣਾ ਵਿਚ ਕਰ ਦਿੱਤੀ ਗਈ ਹੈ। ਨਗਰ ਨਿਗਮ ਦਾ ਦਾਅਵਾ ਹੈ ਕਿ ਰਜਿਸਟ੍ਰੇਸ਼ਨ ਫ਼ੀਸ ਤੋਂ ਇਕੱਠਾ ਹੋਣ ਵਾਲਾ ਫੰਡ ਉਹ ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂੁਆਂ ’ਤੇ ਖ਼ਰਚ ਕਰੇਗਾ।
ਮੇਅਰ ਤੇ ਹੋਰ ਅਧਿਕਾਰੀਆਂ ਨੇ ਅੱਜ ਇਸ ਲਈ ਆਨਲਾਈਨ ਵੈੱਬ ਪੋਰਟਲ ਸ਼ੁਰੂ ਕਰ ਦਿੱਤਾ ਹੈ। ਫ਼ਿਲਹਾਲ ਇਹ ਰਜਿਸਟ੍ਰੇਸ਼ਨ ਸਿਰਫ਼ ਕੁੱਤੇ ਅਤੇ ਬਿੱਲੀ ਦੀ ਕੀਤੀ ਜਾ ਰਹੀ ਹੈ। ਰਜਿਸਟ੍ਰੇਸ਼ਨ ਕਰਵਾਉਣ ਲਈ 400 ਰੁਪਏ ਸਾਲਾਨਾ ਦੇਣੇ ਪੈਣਗੇ। ਨਿਗਮ ਨੂੰ ਇਸ ਤੋਂ ਹਰ ਸਾਲ ਚਾਰ-ਪੰਜ ਕਰੋੜ ਰੁਪਏ ਮਾਲੀਆ ਇਕੱਠਾ ਹੋਣ ਦੀ ਆਸ ਹੈ। ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 31 ਦਸੰਬਰ ਰੱਖੀ ਗਈ ਹੈ। ਰਜਿਸਟ੍ਰੇਸ਼ਨ ਲਈ ਵਿਅਕਤੀ ਨੂੰ ਨਿਗਮ ਦਫ਼ਤਰ ਜਾਣ ਦੀ ਲੋੜ ਨਹੀਂ ਹੈ। ਨਿਗਮ ਦੀ ਵੈੱਬਸਾਈਟ ਪੋਟਰਲ ’ਤੇ ਡਾਗ ਰਜਿਸਟ੍ਰੇਸ਼ਨ ਦਾ ਵੱਖਰਾ ਕਾਲਮ ਹੈ, ਜਿਸ ’ਤੇ ਰਜਿਸਟ੍ਰੇਸ਼ਨ ਕੀਤੀ ਜਾ ਸਕੇਗੀ।
ਰਜਿਸਟ੍ਰੇਸ਼ਨ ਫਾਰਮ ਨਾਲ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਨੰਬਰ, ਆਪਣਾ ਨਾਮ, ਪਤਾ, ਮੋਬਾਈਲ ਨੰਬਰ, ਈ-ਮੇਲ ਤੇ ਖ਼ੁਦ ਦੀ ਫੋਟੋ ਅਪਲੋਡ ਕਰਨੀ ਪਵੇਗੀ। ਮਾਲਕ ਨੂੰ ਆਪਣੇ ਪਾਲਤੂ ਜਾਨਵਰ ਦਾ ਨਾਮ, ਉਮਰ, ਨਸਲ, ਲਿੰਗ, ਕਿਸ ਡਾਕਟਰ ਤੋਂ ਟੀਕਾਕਰਨ ਕਰਵਾਇਆ ਹੈ, ਆਦਿ ਦੀ ਜਾਣਕਾਰੀ ਵੀ ਮੁਹੱਈਆ ਕਰਵਾਉਣੀ ਪਵੇਗੀ। ਇਹ ਕਾਰਵਾਈ ਪੂਰੀ ਹੋਣ ਮਗਰੋਂ ਉਸ ਨੂੰ ਰਜਿਸਟ੍ਰੇਸ਼ਨ ਸਰਟੀਫਿਕੇਟ ਮਿਲ ਜਾਵੇਗਾ। ਇਸ ਆਧਾਰ ’ਤੇ ਉਹ ਨਿਗਮ ਦਫ਼ਤਰ ਜਾ ਕੇ ਟੋਕਨ ਹਾਸਲ ਕਰ ਸਕਦਾ ਹੈ। ਇਸ ਟੋਕਨ ਨੂੰ ਉਸ ਨੂੰ ਆਪਣੇ ਜਾਨਵਰ ਦੇ ਗਲੇ ’ਚ ਪਾਉਣਾ ਜ਼ਰੂਰੀ ਹੋਵੇਗਾ।
ਗ਼ਲਤੀ ਕਰਨ ’ਤੇ ਹੋਵੇਗਾ ਜੁਰਮਾਨਾ
ਜੇ ਨਿਗਮ ਕਿਸੇ ਪਾਲਤੂ ਜਾਨਵਰ ਨੂੰ ਬਾਹਰ ਘੁੰਮਦਾ ਫੜ ਲਵੇਗਾ ਤਾਂ ਉਸ ਦੇ ਮਾਲਕ ਨੂੰ ਪ੍ਰਤੀਦਿਨ ਦੇ ਹਿਸਾਬ ਨਾਲ 100 ਰੁਪਏ ਜੁਰਮਾਨਾ ਪਵੇਗਾ। ਜੇ ਪਾਲਤੂ ਜਾਨਵਰ ਕਿਸੇ ਵਿਅਕਤੀ ਨੂੰ ਵੱਢ ਲੈਂਦਾ ਹੈ ਤਾਂ ਪੀੜਤ ਵਿਅਕਤੀ ਦਾ ਇਲਾਜ ਮਾਲਕ ਨੂੰ ਕਰਵਾਉਣਾ ਪਵੇਗਾ। ਪਾਲਤੂ ਜਾਨਵਰ ’ਚ ਜੇ ਹਲਕਾਅ ਦੇ ਲੱਛਣ ਦਿਖਦੇ ਹਨ ਤਾਂ ਤੁਰੰਤ ਨਿਗਮ ਨੂੰ ਸੂਚਿਤ ਕਰਨਾ ਪਵੇਗਾ ਤਾਂ ਕਿ ਉਸ ਦੇ ਇਲਾਜ ’ਤੇ ਨਿਗਮ ਨਜ਼ਰ ਰੱਖ ਸਕੇ।