ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੀ ਇਕ ਬੱਸ ਵਿੱਚ ਸਵਾਰ ਮੁਸਾਫ਼ਿਰ ਦੀ ਕਾਰ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ। ਹੌਲਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਪੁਲੀਸ ਪਾਸ ਹਰਜੀਤ ਸਿੰਘ ਵਾਸੀ ਪਿੰਡ ਘੱਲ ਫਿਰੋਜ਼ਪੁਰ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਜਗਦੀਪ ਸਿੰਘ (40) ਚੰਡੀਗੜ੍ਹ ਡਿਊਟੀ ’ਤੇ ਜਾਣ ਲਈ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਜਦੋਂ ਬੱਸ ਰਾਣਵਾਂ ਦੇ ਗੁਰਦੁਆਰੇ ਕੋਲ ਇੱਕ ਢਾਬੇ ’ਤੇ ਰੁਕੀ ਤਾਂ ਜਗਦੀਪ ਸਿੰਘ ਗੁਰਦੁਆਰਾ ਛੇਵੀਂ ਪਾਤਸ਼ਹੀ ਸਾਹਿਬ ਵਿਖੇ ਮੱਥਾ ਟੇਕਣ ਚਲਾ ਗਿਆ। ਇਸ ਦੌਰਾਨ ਜਦੋਂ ਉਹ ਸੜਕ ਪਾਰ ਕਰ ਰਿਹਾ ਤਾਂ ਇੱਕ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਰਾਹਗੀਰਾਂ ਨੇ ਜਗਦੀਪ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।